‘ਗੁਰੂ ਕਾ ਬਾਗ ਮੋਰਚੇ’ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਮੌਕੇ ਪੰਥ ਵਿਰੋਧੀ ਸ਼ਕਤੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ

08/09/2022 10:15:31 AM

ਗੁਰੂ ਕਾ ਬਾਗ (ਭੱਟੀ) - 100 ਸਾਲ ਪਹਿਲਾਂ ਸੰਨ 1922 ਵਿਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਅੰਮ੍ਰਿਤਸਰ ਵਿਖੇ ਕੀਤੇ ਗਏ ਵਿਸ਼ਾਲ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ਤਾਬਦੀ ਸਮਾਗਮ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨ ਦੌਰਾਨ ਸਿੱਖ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਣ ਅਤੇ ਇਕਜੁਟਤਾ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਵਿਸ਼ਾਲ ਸੰਗਤੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖ਼ਾਲਸਾ ਪੰਥ ਨੇ ਹਮੇਸ਼ਾ ਹੱਕ ਸੱਚ ਲਈ ਲੜਾਈ ਲੜੀ ਅਤੇ ਗੁਰਦੁਆਰਾ ਗੁਰੂ ਕਾ ਬਾਗ ਦਾ ਮੋਰਚਾ ਵੀ ਇਸੇ ਪ੍ਰਸੰਗ ਵਿਚ ਹੀ ਫ਼ਤਹਿ ਕੀਤਾ ਗਿਆ। ਇਸ ਮੋਰਚੇ ਵਿਚ ਅੰਗਰੇਜ਼ ਸਰਕਾਰ ਨੇ ਜ਼ੁਲਮਾਂ ਦੀ ਹੱਦ ਪਾਰ ਕਰ ਦਿੱਤੀ ਸੀ ਪਰ ਸਿੱਖਾਂ ਨੇ ਦ੍ਰਿੜ੍ਹਤਾ ਨਾਲ ਸਬਰ ਨੂੰ ਡੋਲ੍ਹਣ ਨਾ ਦਿੱਤਾ ਅਤੇ ਜਿੱਤ ਪ੍ਰਾਪਤ ਕਰਨ ਤਕ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਧਰਮ ਪਰਿਵਰਤਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਵਰਤਾਰਾ ਰੋਕਣ ਲਈ ਸਿੱਖਾਂ ਨੂੰ ਆਪਣੇ ਇਤਿਹਾਸ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹਥਿਆਉਣ ਦੀ ਸੋਚ ਵਾਲੇ ਪੰਥ ਵਿਰੋਧੀਆਂ ਦੇ ਇਰਾਦੇ ਕਾਮਯਾਬ ਨਹੀਂ ਹੋਣਗੇ : ਐਡਵੋਕੇਟ ਧਾਮੀ
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਸਰਗਰਮ ਧਰਮ ਪ੍ਰਚਾਰ ਲਹਿਰ ਜਾਰੀ ਰੱਖਣ ਦਾ ਐਲਾਨ ਕਰਦਿਆਂ ਸੰਗਤ ਨੂੰ ਸਿੱਖੀ ਪ੍ਰਚਾਰ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਹੁਤ ਸਾਰੇ ਲੋਕ ਸਿੱਖ ਵਿਰੋਧੀ ਸ਼ਕਤੀਆਂ ਦੀ ਸ਼ਹਿ ’ਤੇ ਸਿੱਖ ਪੰਥ ਵਿਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਦੀਆਂ ਚਾਲਾਂ ਨੂੰ ਸਮਝਣ ਦੀ ਵੱਡੀ ਲੋੜ ਹੈ। ਧਾਮੀ ਨੇ ਕਿਹਾ ਕਿ ਆਰ. ਐੱਸ. ਐੱਸ. ਦੀ ਸ਼ਹਿ ’ਤੇ ਇਹ ਲੋਕ ਪੰਜਾਬ ਅੰਦਰ ਜ਼ਮੀਨ ਤਿਆਰ ਕਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਦਾ ਮੰਤਵ ਸਿੱਧੇ ਅਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਚੋਣਾਂ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਹਥਿਆਉਣਾ ਹੈ। ਖਾਲਸਾ ਪੰਥ ਅਜਿਹੀਆਂ ਸ਼ਕਤੀਆਂ ਵਿਰੁੱਧ ਹਮੇਸ਼ਾ ਤਕੜਾ ਰਿਹਾ ਹੈ ਅਤੇ ਅੱਜ ਵੀ ਸ਼ਕਤੀਸ਼ਾਲੀ ਹੈ, ਜੋ ਇਨ੍ਹਾਂ ਦੀਆਂ ਸਾਜ਼ਿਸ਼ੀ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ’ਤੇ ਉਂਗਲ ਉਠਾਉਣ ਵਾਲੇ ਲੋਕ ਖੁਦ ਪੰਥ ਵਿਰੋਧੀਆਂ ਦੀ ਬੁੱਕਲ ’ਚ ਬੈਠੇ : ਸੁਖਬੀਰ ਬਾਦਲ
ਸ਼ਤਾਬਦੀ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਰਚਾ ਗੁਰੂ ਕਾ ਬਾਗ ਵਿਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਨੂੰ ਸਤਿਕਾਰ ਭੇਟ ਕਰਦਿਆਂ ਸਿੱਖ ਰਵਾਇਤਾਂ ਦਾ ਪਾਲਣ ਕਰਨ ਦੀ ਵਚਨਬੱਧਤਾ ਪ੍ਰਗਟਾਈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ’ਤੇ ਬਿਨਾਂ ਕਾਰਨ ਉਂਗਲ ਉਠਾਉਣ ਵਾਲੇ ਲੋਕ ਖੁਦ ਪੰਥ ਵਿਰੋਧੀਆਂ ਦੀ ਬੁੱਕਲ ਵਿਚ ਬੈਠੇ ਹੋਏ ਹਨ ਅਤੇ ਇਨ੍ਹਾਂ ਦੀਆਂ ਚਾਲਾਂ ਨੂੰ ਪੰਥ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਦਲ ਬਾਬਾ ਬਿਧੀਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰੇ ਮਸਕੀਨ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਮੋਰਚੇ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਦੇ ਪਰਿਵਾਰਿਕ ਮੈਬਰਾਂ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅੰਤ੍ਰਿਗ ਕਮੇਟੀ ਮੈਬਰ ਜੋਧ ਸਿੰਘ ਸਮਰਾ ਵੱਲੋ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।


rajwinder kaur

Content Editor

Related News