ਕੋਰੋਨਾ ਅਤੇ ਕਿਸਾਨੀ ਸੰਘਰਸ਼ ਦਾ ਅਸਰ, ਪੰਜਾਬ ਦਾ ਵਿੱਤੀ ਸੰਕਟ ਡੂੰਘਾ ਹੋਣ ਦੇ ਅਸਾਰ

01/14/2021 3:39:27 PM

ਗੁਰੂ ਕਾ ਬਾਗ (ਭੱਟੀ) - ਜਿੱਥੇ ਇਕ ਪਾਸੇ 2020 ਵਿਚ ਕੋਰੋਨਾ ਮਹਾਮਾਰੀ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਭ ਦੇਸ਼ਾਂ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਪੰਜਾਬ ਵਿਚ ਕੋਰੋਨਾ ਮਹਾਮਾਰੀ ਕਾਰਣ ਪੂਰੀ ਅਰਵਿਵਸਥਾ ਗਡ਼ਬਡ਼ਾ ਗਈ ਹੈ। ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ ਅਤੇ ਵਿਕਾਸ ਕੰਮ ਨਾ-ਮਾਤਰ ਹੀ ਵਿਖਾਈ ਦੇ ਰਹੇ ਹਨ, ਜਦਕਿ ਹਰ ਸਰਕਾਰ ਦਾ ਪਲਾਨ ਹੁੰਦਾ ਹੈ ਕਿ ਚੋਣਾਂ ਤੋ ਇਕ ਸਾਲ ਪਹਿਲਾਂ ਵਿਕਾਸ ਦੇ ਥੋਡ਼ੇ-ਬਹੁਤੇ ਕੰਮ ਕਰ ਲਈਏ, ਤਾਂ ਜੋ ਲੋਕਾਂ ਨੂੰ ਵੋਟਾਂ ਵੇਲੇ ਇਹ ਯਾਦ ਰਹਿ ਜਾਣ ਪਰ ਸਰਹੱਦੀ ਸੂਬਾ ਹੋਣ ਕਾਰਣ ਪੰਜਾਬ ਅੰਦਰ ਕੋਈ ਵੀ ਵੱਡੀ ਮਲਟੀਨੈਸ਼ਨਲ ਕੰਪਨੀ ਨੇ ਆਪਣਾ ਸਰਮਾਇਆ ਨਹੀਂ ਲਾਇਆ, ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਜਦਕਿ ਕੋਰੋਨਾ ਮਹਾਮਾਰੀ ਨੇ ਵੱਡੇ ਪੱਧਰ ’ਤੇ ਪੰਜਾਬ ਦੇ ਲੋਕਾਂ ਨੂੰ ਬੇਰੋਜ਼ਗਾਰ ਕਰ ਕੇ ਘਰਾਂ ਅੰਦਰ ਬਿਠਾ ਦਿੱਤਾ ਹੈ।

ਇਹ ਵੀ ਪੜ੍ਹੋ : ਮਾਪਿਆਂ ਨਾਲ ਲੜਾਈ ਕਰ ਕੇ ਨੌਜਵਾਨ ਨੇ ਖਾਧਾ ਜ਼ਹਿਰ, ਮੌਤ

ਉਧਰ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਦਾ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਦੀ ਆ ਰਹੀ ਹੈ ਅਤੇ ਉੱਤੋਂ ਇਸ ਮਹਾਮਾਰੀ ਨੇ ਸਭ ਕਾਰੋਬਾਰ ਠੱਪ ਕਰ ਦਿੱਤੇ ਹਨ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ ਹੈ। ਜਦਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੇ ਜਿੱਥੇ ਪੰਜਾਬ ਸਮੇਤ ਪੂਰੇ ਦੇਸ਼ ਦੇ ਅੰਨਦਾਤਾ ਨੂੰ ਨਾਰਾਜ਼ ਕਰ ਲਿਆ ਹੈ, ਉੱਥੇ ਹੀ ਸਰਕਾਰ ਆਪਣੇ ਕੀਤੇ ਇਸ ਕੰਮ ਨੂੰ ਵਾਪਸ ਲੈਣ ਦੀ ਬਜਾਏ ਲੋਕਾਂ ’ਤੇ ਜਬਰਦਸਤੀ ਠੋਸਣ ਦਾ ਕੰਮ ਕਰ ਰਹੀ ਹੈ। ਭਾਂਵੇ ਕਿ ਸਮੂਹ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅੱਡੀ- ਚੋਟੀ ਦਾ ਜ਼ੋਰ ਲਾ ਰਹੀਆਂ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋ ਰਹੀ।

ਉਧਰ ਪੰਜਾਬ ਵਿਧਾਨ ਸਭਾ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੱਤਾ ਧਿਰ ਕਾਂਗਰਸ ਪਾਰਟੀ ਸਮੇਤ ਸਭ ਵਿਰੋਧੀ ਧਿਰਾਂ ਸੱਤਾ ਹਾਸਲ ਕਰਨ ਲਈ ਵਿਊਂਤਬੰਦੀਆਂ ਘਡ਼ ਰਹੀਆਂ ਹਨ। ਕਾਂਗਰਸ ਪਾਰਟੀ ਜਿੱਥੇ ਥੋਡ਼ੇ-ਬਹੁਤੇ ਵਿਕਾਸ ਕਾਰਜਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਨਾਲ-ਨਾਲ ਆਪਣੇ ਵਰਕਰਾਂ ਦੇ ਗਿਲੇ-ਸ਼ਿਕਵੇ ਦੂਰ ਕਰਨ ਵਿਚ ਲੱਗੀ ਹੋਈ ਹੈ, ਉੱਥੇ ਹੀ ਪ੍ਰਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਦਾ ਫੇਰ ਸੁਪਨਾ ਵੇਖ ਰਹੀ ਹੈ। ਜ਼ਮੀਨੀ ਪੱਧਰ ਦੇ ਸਿਰਡ਼ੀ ਲੀਡਰ ਦੀ ਘਾਟ ਹੋਣ ਕਾਰਨ ਅਜੇ ਵੀ ਉਹ ਸੋਸ਼ਲ ਮੀਡੀਆ ਦੇ ਸਹਾਰੇ ਹੀ ਆਪਣੀ ਮੁਹਿੰਮ ਚਲਾ ਰਹੀ ਹੈ। ਜਦ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਤੋਡ਼-ਵਿਛੋਡ਼ਾ ਹੋਣ ’ਤੇ ਉਹ ਆਪਣੀ ਪੁਜੀਸ਼ਨ ਨੂੰ ਮਜ਼ਬੂਤ ਕਰਨ ਲਈ ਕਦੇ ਬਹੁਜਨ ਸਮਾਜ ਪਾਰਟੀ ਅਤੇ ਕਦੇ ਦੋਵੇਂ ਹੀ ਕਮਿਊਨਿਸਟ ਪਾਰਟੀਆਂ ਨਾਲ ਸਮਝੌਤੇ ਦੀ ਗੱਲ ਕਰ ਰਹੀ ਹੈ।

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ

ਇਸ ਵਿਚ ਕੋਈ ਸ਼ੱਕ ਨਹੀ ਕਿ ਪੰਜਾਬ ਵਿਚ ਇਸ ਸਮੇਂ ਭਾਜਪਾ ਦਾ ਬੁਰੀ ਤਰ੍ਹਾਂ ਵਿਰੋਧ ਹੋ ਰਿਹਾ ਪਰ ਪਾਰਟੀ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦੇਣ ਨੂੰ ਤਰਜ਼ੀਹ ਦੇ ਕੇ ਅਤੇ ਸ਼ਹਿਰੀ ਵੋਟਰਾਂ ਨੂੰ ਖੁਸ਼ ਕਰ ਕੇ ਚੋਣਾਂ ’ਚ ਉੱਤਰ ਸਕਦੀ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪੰਜਾਬ ਇਸ ਵਕਤ ਬਡ਼ੇ ਹੀ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਸਰਕਾਰੀ ਖਜ਼ਾਨੇ ਦੀ ਹਾਲਤ ਸੁਧਾਰਨ ਅਤੇ ਲੋਕਾਂ ਦੀ ਬੇਹਤਰੀ ਲਈ ਕੋਈ ਠੋਸ ਪ੍ਰੋਗਰਾਮ ਦੇਣ ’ਚ ਅਸਫਲ ਹੀ ਹੋਈਆਂ ਹਨ।


Baljeet Kaur

Content Editor

Related News