ਗੁਰਦਾਸਪੁਰ : ਸ਼ੱਕੀ ਹਾਲਾਤ ''ਚ ਔਰਤ ਦੀ ਮੌਤ

10/17/2019 6:46:24 PM

ਗੁਰਦਾਸਪੁਰ,(ਵਿਨੋਦ): ਸ਼ਹਿਰ 'ਚ ਇਕ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਸੰਬੰਧੀ ਦੀਨਾਨਗਰ ਪੁਲਸ ਨੇ ਤਾਂ ਧਾਰਾ 174 ਅਧੀਨ ਕਾਰਵਾਈ ਕੀਤੀ ਹੈ। ਜਦਕਿ ਮ੍ਰਿਤਕ ਦੀ ਵੱਡੀ ਭੈਣ ਦੇ ਅਨੁਸਾਰ ਉਸ ਦੀ ਭੈਣ ਅਮਨਦੀਪ ਪਤਨੀ ਮੱਖਣ ਮਸੀਹ ਨਿਵਾਸੀ ਪਿੰਡ ਗਾਦੜੀਆ ਦੀ ਮੌਤ ਆਮ ਮੌਤ ਨਹੀਂ ਹੈ। ਬਲਕਿ ਉਸ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਿਆ ਗਿਆ ਹੈ। ਜਿਸ ਕਾਰਨ ਇਹ ਮਾਮਲਾ ਸ਼ੱਕੀ ਬਣਿਆ ਹੋਇਆ ਹੈ।

ਕੀ ਹੈ ਮਾਮਲਾ
ਮ੍ਰਿਤਕ ਅਮਨਦੀਪ ਪੁੱਤਰੀ ਖਜਾਨ ਮਸੀਹ ਦੀ ਭੈਣ ਨੀਤੂ ਨੇ ਸਿਵਲ ਹਸਪਤਾਲ 'ਚ ਦੋਸ਼ ਲਗਾਇਆ ਕਿ ਅਮਨਦੀਪ ਦਾ ਵਿਆਹ ਲਗਭਗ 17 ਸਾਲ ਪਹਿਲਾ ਮੱਖਣ ਮਸੀਹ ਪੁੱਤਰ ਜਲਾਲ ਮਸੀਹ ਨਿਵਾਸੀ ਗਾਦੜੀਆਂ ਦੇ ਨਾਲ ਹੋਇਆ ਸੀ ਤੇ ਤਿੰਨ ਬੱਚੇ ਵੀ ਹਨ ਪਰ ਵਿਆਹ ਦੇ ਕੁਝ ਸਾਲ ਬਾਅਦ ਤੋਂ ਹੀ ਮੱਖਣ ਮਸੀਹ ਤੇ ਅਮਨਦੀਪ ਦੇ 'ਚ ਇਸ ਗੱਲ ਨੂੰ ਲੈ ਕੇ ਅਨਬਣ ਰਹਿਣ ਲੱਗੀ ਸੀ ਕਿਉਂਕਿ ਮੱਖਣ ਮਸੀਹ ਹੋਰ ਔਰਤਾਂ 'ਚ ਰੂਚੀ ਰੱਖਦਾ ਸੀ। ਜੋ ਅਮਨਦੀਪ ਤੋਂ ਬਰਦਾਸ਼ਤ ਨਹੀਂ ਸੀ। ਇਸ ਸੰਬੰਧੀ ਦੋ ਤਿੰਨ ਵਾਰ ਰਿਸ਼ਤੇਦਾਰਾਂ ਦੇ 'ਚ ਬਚਾਵ ਨਾਲ ਸਮਝੌਤਾ ਵੀ ਹੋਇਆ ਸੀ ਪਰ ਇਸ ਸੰਬੰਧੀ ਪੁਲਸ ਨੂੰ ਨਹੀਂ ਦੱਸਿਆ ਗਿਆ ਸੀ। ਨੀਤੂ ਨੇ ਦੋਸ਼ ਲਗਾਇਆ ਕਿ ਲਗਭਗ ਤਿੰਨ ਮਹੀਨੇ ਤੋਂ ਉਸ ਦੀ ਭੈਣ ਅਮਨਦੀਪ ਤੇ ਮੱਖਣ ਵਿਚਾਲੇ ਇਕ ਲੜਕੀ ਨੂੰ ਲੈ ਕੇ ਤਣਾਵ ਬਣਿਆ ਹੋਇਆ ਸੀ ਤੇ ਅਮਨਦੀਪ ਇਸ ਸੰਬੰਧੀ ਉਸ ਨੂੰ ਸਾਰੀ ਗੱਲ ਦੱਸਦੀ ਸੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਮੱਖਣ ਮਸੀਹ ਦਾ ਉਸ ਨੂੰ ਫੋਨ ਆਇਆ ਸੀ ਕਿ ਅਮਨਦੀਪ ਠੀਕ ਨਹੀਂ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਪਰ ਬਾਅਦ 'ਚ ਮੈਨੂੰ ਕਿਹਾ ਗਿਆ ਕਿ ਅਮਨਦੀਪ ਦੀ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਪਿੰਡ ਲਿਜਾਈ ਜਾ ਰਹੀ ਹੈ। ਮ੍ਰਿਤਕ ਦੀ ਭੈਣ ਨੇ ਦੋਸ਼ ਲਗਾਇਆ ਕਿ ਮੱਖਣ ਮਸੀਹ ਉਸ 'ਤੇ ਦਬਾਅ ਪਾ ਰਿਹਾ ਸੀ ਕਿ ਸਾਰਿਆਂ ਨੂੰ ਇਹ ਕਿਹਾ ਜਾਵੇ ਕਿ ਅਮਨਦੀਪ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਪਰ ਅਸੀਂ ਪਿੰਡ ਗਾਦੜੀਆ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ ਤੇ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
 

ਕੀ ਕਹਿਣਾ ਹੈ ਦੀਨਾਨਗਰ ਪੁਲਸ ਸਟੇਸਨ ਇੰਚਾਰਜ ਦਾ
ਇਸ ਸ਼ੱਕੀ ਹਾਲਾਤ 'ਚ ਹੋਈ ਮੌਤ ਸੰਬੰਧੀ ਜਦ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਬਲਦੇਵ ਰਾਜ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਮਨਦੀਪ ਨੂੰ ਪਹਿਲਾ ਗੁਰਦਾਸਪੁਰ ਇਕ ਪ੍ਰਾਇਵੇਟ ਹਸਪਤਾਲ 'ਚ ਲਿਆਂਦਾ ਗਿਆ ਸੀ ਤੇ ਜਦ ਹਾਲਤ ਚਿੰਤਾਜਨਕ ਹੋਣ ਦੇ ਕਾਰਨ ਅੰਮ੍ਰਿਤਸਰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ 15 ਸਾਲਾਂ ਲੜਕੀ ਮੁਸਕਾਨ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਜਦ ਸ਼ਾਮ ਨੂੰ ਟਿਊਸ਼ਨ ਲੈ ਕੇ ਵਾਪਸ ਘਰ ਆਈ ਤਾਂ ਉਸ ਦੀ ਮਾਂ ਦੀ ਹਾਲਤ ਠੀਕ ਨਹੀਂ ਸੀ। ਉਸ ਦੀ ਮਾਂ ਅਮਨਦੀਪ ਨੇ ਉਸ ਨੂੰ ਕਿਹਾ ਕਿ ਉਹ ਕਣਕ ਸਟੋਰ  ਕਰਨ ਵਾਲੇ ਢੋਲ  ਨੂੰ ਖੋਲ ਰਹੀ ਸੀ ਤਾਂ ਉਸ ਦੇ ਵਿਚ ਰੱਖੀ ਦਵਾਈ ਨੇ ਉਸ 'ਤੇ ਅਸਰ ਕੀਤਾ ਹੈ ਤੇ ਉਸ ਦੀ ਸਿਹਤ ਖਰਾਬ ਹੋ ਗਈ ਹੈ। ਜਿਸ 'ਤੇ ਉਸ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਤਾਂ ਮ੍ਰਿਤਕ ਦੀ ਲੜਕੀ ਤੇ ਇਕ ਚਾਚਾ ਸਹੁਰੇ ਦੇ ਬਿਆਨ 'ਤੇ ਅਜੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ। ਪੋਸਟਮਾਰਟਮ ਰਿਪੋਰਟ ਮਿਲਣ 'ਤੇ ਜਦ ਮਾਮਲਾ ਸ਼ੱਕੀ ਪਾਇਆ ਗਿਆ ਤਾਂ ਰਿਪੋਰਟ ਅਨੁਸਾਰ ਕਾਰਵਾਈ ਹੋਵੇਗੀ। ਅਜੇ ਅਮਨਦੀਪ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸ਼ਾਂ ਨੂੰ ਸੌਪੀਂ ਜਾਵੇਗੀ।