ਗੁਰਦਾਸਪੁਰ ਜ਼ਿਲ੍ਹੇ ''ਚ ਸ਼ੁੱਕਰਵਾਰ ਨੂੰ 2 ਕੋਰੋਨਾ ਮਰੀਜ਼ਾਂ ਦੀ ਮੌਤ, 74 ਨਵੇਂ ਮਾਮਲਿਆਂ ਦੀ ਪੁਸ਼ਟੀ

09/26/2020 1:53:32 AM

ਗੁਰਦਾਸਪੁਰ,(ਹਰਮਨ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਨ 2 ਹੋਰ ਮਰੀਜ਼ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਜਿਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 124 ਹੋ ਗਈ ਹੈ। ਦੂਸਰੇ ਪਾਸੇ ਅੱਜ 74 ਨਵੇਂ ਮਰੀਜ਼ ਪਾਜ਼ੇਟਿਵ ਪਾਏ ਜਾਣ ਕਾਰਨ ਜਿਲੇ ਅੰਦਰ ਪਾਜ਼ੇਟਿਵ ਪਾ ਚੁੱਕੇ ਕੁੱਲ ਮਰੀਜ਼਼ਾਂ ਦੀ ਗਿਣਤੀ 5505 ਤੱਕ ਪਹੁੰਚ ਗਈ ਹੈ। ਅੱਜ ਜਿਹੜੇ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਵਿਚੋਂ ਇਕ ਬਟਾਲਾ ਨਾਲ ਸਬੰਧਿਤ ਉਮਰਪੁਰਾ ਰੋਡ ਦੀ ਨਿਊ ਮਹਾਜਨ ਕਲੋਨੀ ਬਟਾਲਾ ਨਾਲ ਸਬੰਧਿਤ 62 ਸਾਲਾ ਔਰਤ ਹੈ। ਉਕਤ ਔਰਤ ਨੂੰ 15 ਸਤੰਬਰ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ ਪਰ ਉਸ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ। ਉਕਤ ਔਰਤ ਸ਼ੂਗਰ ਅਤੇ ਦਿਲ ਦੇ ਰੋਗ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ ਅਤੇ ਅੰਮ੍ਰਿਤਸਰ ਵਿਖੇ ਉਸ ਦਾ ਇਲਾਜ ਚਲ ਰਿਹਾ ਸੀ ਅਤੇ ਅੱਜ ਉਸ ਦੀ ਮੌਤ ਹੋ ਗਈ। ਮਰਨ ਵਾਲਾ ਦੂਸਰਾ ਵਿਅਕਤੀ ਬਟਾਲਾ ਦੇ ਅਲੀਵਾਲ ਰੋਡ ਨਾਲ ਸਬੰਧਿਤ ਅਜੀਤ ਨਗਰ ਦਾ ਰਹਿਮ ਵਾਲਾ 48 ਸਾਲਾਂ ਦਾ ਵਿਅਕਤੀ ਹੈ ਜੋ 18 ਸਤੰਬਰ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਅਤੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ 109193 ਸ਼ੱਕੀ ਮਰੀਜ਼਼ਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਸ ਵਿਚੋਂ 102630 ਨੈਗਟਿਵ ਪਾਏ ਗਏ ਹਨ ਜਦੋਂ ਕਿ 1625 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਅੱਜ 74 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ 21, ਬਟਾਲਾ ਵਿਖੇ 6, ਧਾਰੀਵਾਲ ਵਿਖੇ 2, ਬੇਅੰਤ ਕਾਲਜ ਵਿਖੇ 5 ਮਰੀਜ਼ ਆਈਸੋਲੇਟ ਹਨ ਜਦੋਂ ਕਿ 60 ਪੀੜਤ ਦੂਸਰੇ ਜ਼ਿਲਿਆਂ ਵਿਚ ਦਾਖਲ ਹਨ। ਕੇਂਦਰੀ ਜੇਲ ਵਿਚ 5 ਮਰੀਜ਼ ਹਨ ਜਦੋਂ ਕਿ 1 ਨੂੰ ਸ਼ਿਫਟ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 843 ਪੀੜਤਾਂ ਨੂੰ ਘਰ ਇਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 4442 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ, ਇਨ੍ਹਾਂ ਵਿਚੋਂ 3455 ਪੀੜਤ ਠੀਕ ਹੋਏ ਹਨ ਅਤੇ 987 ਪੀੜਤਾਂ ਨੂੰ ਡਿਸਚਾਰਜ ਕਰਕੇ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। ਜ਼ਿਲੇ 'ਚ 939 ਐਕਟਿਵ ਕੇਸ ਹਨ ਅਤੇ ਹੁਣ ਤੱਕ ਜ਼ਿਲੇ ਅੰਦਰ ਕੁਲ 124 ਮੌਤਾਂ ਹੋਈਆਂ ਹਨ।

Deepak Kumar

This news is Content Editor Deepak Kumar