ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਨੇ ਜਲ ਸਪਲਾਈ ਦਫਤਰ ਅੱਗੇ ਦਿੱਤਾ ਧਰਨਾ

07/18/2018 4:29:09 PM

ਗੁਰਦਾਸਪੁਰ (ਵਿਨੋਦ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਜ਼ਿਲਾ ਗੁਰਦਾਸਪੁਰ ਵਲੋਂ ਜਲ ਸਕੀਮਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਤੋਂ ਰੋਕਣ ਲਈ ਨਿਗਰਾਨ ਇੰਜੀਨੀਅਰ ਜਲ ਸਪਲਾਈ ਸੈਨੀਟੇਸ਼ਨ ਹਲਕਾ ਗੁਰਦਾਸਪੁਰ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਔਲਖ, ਸੁਰਿੰਦਰ ਸਿੰਘ, ਜਗਰੂਪ ਸਿੰਘ, ਗੁਲਾਬ ਸਿੰਘ, ਨੇਕ ਰਾਜ, ਪ੍ਰੇਮ ਕੁਮਾਰ ਨੇ ਕਿਹਾ ਕਿ ਪਹਿਲੀਆਂ ਪੰਚਾਇਤੀ ਹਵਾਲੇ ਕੀਤੀਆਂ ਸਕੀਮਾਂ 95 ਪ੍ਰਤੀਸ਼ਤ ਬੰਦ ਪਈਆ ਹਨ ਤੇ ਉਨ੍ਹਾਂ ਦੀ ਹਾਲਤ ਤਰਸਯੋਗ ਅਤੇ ਖਸਤਾ ਹੈ। ਸਰਪੰਚਾਂ ਵਲੋਂ ਵੀ ਵਾਟਰ ਸਪਲਾਈ ਸਕੀਮਾਂ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਸਰਕਾਰ ਅਤੇ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਜਲ ਸਪਲਾਈਆਂ ਪੰਚਾਇਤਾਂ ਨੂੰ ਦੇ ਰਹੇ ਹਨ। ਬੁਲਾਰਿਆਂ ਨੇ ਇਹ ਮੰਗ ਕੀਤੀ ਕਿ ਵਿਭਾਗ ਅੰਦਰ ਚਲ ਰਹੇ ਭ੍ਰਿਸ਼ਟਾਚਾਰ ਨੂੰ ਬੰਦ ਕੀਤਾ ਜਾਵੇ ਅਤੇ ਭ੍ਰਿਸ਼ਟਾਚਾਰ ਨੂੰ ਰੋਕ ਰਹੇ ਵਿਭਾਗੀ ਜਥੇਬੰਦੀਆ ਦੇ ਆਗੂਆਂ ਦੀਆਂ ਕੀਤੀਆਂ ਬਦਲੀਆਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ  ਸੋਮ ਸਿੰਘ, ਰਜਨੀ ਪ੍ਰਕਾਸ਼, ਗੁਰਦਿਆਲ ਸਿੰਘ ਬਾਜਵਾ, ਗੁਰਦਿਆਲ ਸਿੰਘ ਸੋਹਲ ਆਦਿ ਹਾਜ਼ਰ ਸਨ।