ਜ਼ਿਲ੍ਹੇ ਤੋਂ ਬਾਹਰ ਬੈਠੇ ਗੁਰਦਾਸਪੁਰ ਦੇ ਲੋਕ ਆਨ-ਲਾਈਨ ਜੂਮ ਐਪ ਰਾਹੀਂ ਕਰਵਾ ਰਹੇ ਨੇ ਆਪਣੀਆਂ ਮੁਸ਼ਕਿਲਾਂ ਹੱਲ

06/21/2022 1:27:58 PM

ਗੁਰਦਾਸਪੁਰ (ਜ.ਬ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਆਨ ਲਾਈਨ ਜੂਮ ਐਪ ਮੁਹੱਈਆ ਕਰਵਾਈ ਹੈ। ਇਸ ਐਪ ਰਾਹੀਂ ਫ਼ਾਇਦਾ ਨਾ ਕੇਵਲ ਜ਼ਿਲ੍ਹੇ ਅੰਦਰ ਰਹਿ ਰਹੇ ਲੋਕ ਬਲਕਿ ਜ਼ਿਲ੍ਹੇ ਤੋਂ ਬਾਹਰ ਵੱਸ ਰਹੇ ਲੋਕ ਆਪਣੀਆਂ ਮੁਸ਼ਕਲਾਂ ਹੱਲ ਕਰਵਾ ਰਹੇ ਹਨ। ਆਨ-ਲਾਈਨ ਜੂਮ ਮੀਟਿੰਗ ਵਿਚ ਚੰਡੀਗੜ੍ਹ ਵਿਚ ਰਹਿ ਰਹੀ ਉਮਰਪੁਰਾ (ਬਟਾਲਾ) ਦੀ ਵਸਨੀਕ ਅਤੇ ਰੋਪੜ ਵਿਚ ਰਹਿ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੀਓ ਜੁਲਾਈ ਦੇ ਵਸਨੀਕ ਵਲੋਂ ਆਪਣੀ ਜ਼ਮੀਨ ਦੇ ਸਬੰਧ ਵਿਚ ਮੁਸ਼ਕਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਗਈ। 

ਇਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸੇ ਤਰਾਂ ਜੂਮ ਮੀਟਿੰਗ ਵਿਚ ਸ਼ਿਰਕਤ ਕਰਦਿਆਂ ਕਣਕ ਦੀ ਢੋਆ-ਢੁਆਈ ਲਈ ਕਿਰਾਇਆ ਨਾ ਮਿਲਣ ਸਬੰਧੀ, ਰਸਤੇ ਸਬੰਧੀ, ਘਰ ਅੱਗੇ ਗਲੀ ਨਾ ਬਣਾਉਣ ਬਾਰੇ, ਪੰਡ ਸਰਵਾਲੀ ਨੇੜੇ ਬਟਾਲਾ ਵਿਖੇ ਬਿਨਾਂ ਪਰਮਿਸ਼ਨ ਦੇ ਪਾਣੀ ਵਾਲੀ ਫੈਕਟਰੀ ਲਗਾਉਣ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਨਾ ਕਰਨ ਸਬੰਧੀ ਆਦਿ ਸਮੱਸਿਆਵਾਂ ਦੱਸੀਆਂ ਗਈਆਂ, ਜਿਨਾਂ ਨੂੰ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਹੱਲ ਕਰਨ ਲਈ ਸਮਾਂਬੱਧ ਕੀਤਾ ਗਿਆ।

ਇਸ ਮੌਕੇ ਦਫ਼ਤਰ ਡਿਪਟੀ ਕਮਿਸ਼ਨਰ ਪਬਲਿਕ ਵਿਜ਼ਟਰ ਰੂਮ ਵਿਖੇ ਪਹੁੰਚੇ ਲੋਕਾਂ ਵਲੋਂ ਪਟਵਾਰੀ ਦੀ ਘਾਟ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ, ਗੁਰਦਾਸਪੁਰ ਸ਼ਹਿਰ ਅੰਦਰ ਤਿੱਬੜੀ ਰੋਡ ’ਤੇ ਬਣ ਰਹੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਜ ਢਿੱਲੀ ਰਫ਼ਤਾਰ ਨਾਲ ਹੋਣ ਕਰਕੇ ਲੋਕਾਂ ਨੂੰ ਆਵਾਜਾਈ ਦੌਰਾਨ ਮੁਸ਼ਕਲ ਆਉਣ ਬਾਰੇ ਤੇ ਗਲੀਆਂ ਦੇ ਨਿਰਮਾਣ ਆਦਿ ਸਬੰਧੀ ਮੁਸ਼ਕਲਾਂ ਦੱਸੀਆਂ ਗਈਆਂ, ਜਿਨਾਂ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ।
 


rajwinder kaur

Content Editor

Related News