ਪਹਿਲਾਂ ਨਾਲੋਂ ਵੀ ਖਤਰਨਾਕ ਹੋ ਸਕਦੀ ਹੈ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ

11/28/2020 9:55:56 AM

ਗੁਰਦਾਸਪੁਰ(ਹਰਮਨ): ਜ਼ਿਲ੍ਹਾ ਗੁਰਦਾਸਪੁਰ ਅੰਦਰ ਮੁੜ ਤੇਜ਼ੀ ਨਾਲ ਫ਼ੈਲ ਰਹੇ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ, ਜਿਸ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਪ੍ਰਸ਼ਾਸ਼ਨ ਮੁੜ ਚੌਕਸ ਹੋ ਗਿਆ ਹੈ ਪਰ ਲੋਕਾਂ ਦੀ ਲਾਪਰਵਾਹੀ ਦਾ ਸਿਲਸਿਲਾ ਅਜੇ ਵੀ ਉਸੇ ਤਰਾਂ ਜਾਰੀ ਹੈ। ਇਸ ਖ਼ਤਰੇ ਕਾਰਣ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜਿਥੇ ਵੱਖ ਵਿਦਿਅਕ ਸੰਸਥਾਵਾਂ ਅਤੇ ਜਨਤਕ ਸਥਾਨਾਂ 'ਤੇ ਕੈਂਪ ਲਗਾ ਕੇ ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਸ ਦੇ ਨਾਲ ਹੀ ਡੀ.ਸੀ. ਨੇ ਆਉਣ ਵਾਲੇ 15 ਦਿਨਾਂ ਅੰਦਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੇ ਟੈਸਟ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਹਨ ਕਿ ਕੋਵਿਡ-19 ਦੀ ਦੂਸਰੀ ਸੰਭਾਵਿਤ ਲਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਕੋਵਿਡ-19 ਦੀ ਰੋਜ਼ਾਨਾ ਟੈਸਟਿੰਗ ਵਧਾਈ ਜਾਵੇ। ਇਸ ਤਹਿਤ ਡੀ.ਸੀ. ਨੇ ਕਿਹਾ ਕਿ ਵਿਸ਼ੇਸ਼ ਕੈਂਪ ਲਗਾ ਕੇ ਜਿਥੇ ਆਮ ਲੋਕਾਂ ਦੇ ਟੈਸਟ ਕਰਨੇ ਯਕੀਨੀ ਬਣਾਏ ਜਾਣ ਉਥੇ ਜ਼ਿਲੇ ਦੇ ਹਰੇਕ ਵਿਭਾਗ ਵਿਚ ਕੈਂਪ ਲਗਾ ਕੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਟੈਸਟ ਯਕੀਨੀ ਬਣਾਏ ਜਾਣ।

ਇਹ ਵੀ ਪੜ੍ਹੋ : ਇੰਡੀਆ ਗੇਟ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ 'ਤੇ ਜਾਰੀ ਹੋਇਆ ਤਾਜ਼ਾ ਅਲਰਟ

ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ 'ਚ ਬਹੁਤ ਸਾਰੇ ਲੋਕ ਕੰਮ ਕਾਜ ਲਈ ਆਉਂਦੇ ਹਨ, ਇਸ ਲਈ ਸਰਕਾਰੀ ਮੁਲਾਜ਼ਮਾਂ ਦੇ ਟੈਸਟ ਕਰਨੇ ਵੀ ਬਹੁਤ ਜ਼ਰੂਰੀ ਹਨ। ਡੀ.ਸੀ. ਨੇ ਹਦਾਇਤ ਕੀਤੀ ਕਿ ਜਿਹੜੇ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਂਦੇ ਹਨ, ਉਨ੍ਹਾਂ ਦੀ ਕੰਟੈਕਟ ਹਿਸਟਰੀ ਨੂੰ ਫਰੋਲਿਆ ਜਾਵੇ ਅਤੇ ਜਿਹੜੇ ਵੀ ਵਿਅਕਤੀ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਹਨ, ਉਨ੍ਹਾਂ ਸਾਰਿਆਂ ਦੇ ਟੈਸਟ ਕੀਤੇ ਜਾਣ। ਇਸ ਤਹਿਤ ਅੱਜ ਸਿਹਤ ਵਿਭਾਗ ਨੇ ਗੁਰਦਾਸਪੁਰ ਦੇ ਮੱਛੀ ਮਾਰਕੀਟ ਚੌਕ ਵਿਚ ਕੈਂਪ ਲਗਾ ਕੇ ਆਉਣ-ਜਾਣ ਵਾਲੇ ਲੋਕਾਂ ਦੇ ਟੈਸਟ ਕੀਤੇ ਅਤੇ ਨਾਲ ਹੀ ਕਈ ਵਾਹਨ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗੈਂਗਸਟਰਾਂ ਨੇ ਨੌਜਵਾਨ ਦਾ ਕਤਲ ਕਰ ਪਾਇਆ ਭੰਗੜਾ

ਲੋਕਾਂ ਦੀ ਲਾਪਰਵਾਹੀ ਜਾਰੀ
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਾਰ-ਵਾਰ ਅਪੀਲਾਂ ਕੀਤੇ ਜਾਣ ਦੇ ਬਾਵਜੂਦ ਲੋਕਾਂ ਦੀ ਲਾਪਰਵਾਹੀ ਦਾ ਸਿਲਸਿਲਾ ਉਸੇਤਰਾਂ ਜਾਰੀ ਹੈ। ਗੁਰਦਾਸਪੁਰ ਸ਼ਹਿਰ ਸਮੇਤ ਆਸ ਪਾਸ ਇਲਾਕਿਆਂ ਅੰਦਰ ਲੋਕ ਮਾਸਕ ਦੀ ਵਰਤੋਂ ਕਰਨੀ ਭੁੱਲਦੇ ਜਾ ਰਹੇ ਹਨ ਅਤੇ ਲੋਕ ਇਸ ਵਾਇਰਸ ਨੂੰ ਲੈ ਕੇ ਜਰਾ ਵੀ ਗੰਭੀਰ ਦਿਖਾਈ ਨਹੀਂ ਦੇ ਰਹੇ। ਬੈਂਕਾਂ, ਬਜਾਰਾਂ ਤੇ ਹੋਰ ਜਨਤਕ ਥਾਵਾਂ 'ਤੇ ਸ਼ੋਸ਼ਲ ਡਿਸਟੈਂਸ ਦੀਆਂ ਧੱਜੀਆਂ ਸ਼ਰੇਆਮ ਉਡ ਰਹੀਆਂ ਹਨ। ਇਸ ਕਾਰਨ ਸਿਹਤ ਵਿਭਾਗ ਵਾਰ ਵਾਰ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਕਿ ਜੇਕਰ ਲੋਕਾਂ ਦੀ ਲਾਪਰਵਾਹੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਸ ਦਾ ਨਤੀਜਾ ਖਤਰਨਾਕ ਹੋ ਸਕਦਾ ਹੈ।

ਇਹ ਵੀ ਪੜ੍ਹੋ : ਬੈਂਸ 'ਤੇ ਜਬਰ-ਜ਼ਿਨਾਹ ਦੋਸ਼ ਲਾਉਣ ਵਾਲੀ ਜਨਾਨੀ ਦੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ

ਡੀ. ਸੀ. ਤੇ ਐੱਸ. ਐੱਸ. ਪੀ. ਨੇ ਲੋਕਾਂ ਨੂੰ ਕੀਤੀ ਅਪੀਲ
ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐਸਐਸਪੀ ਡਾ. ਰਜਿੰਦਰ ਸਿੰਘ ਸੋਹਲ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇ ਦੀ ਨਜਾਕਤ ਨੂੰ ਸਮਝਣ ਅਤੇ ਸੁਚੇਤ ਹੋਣ। ਉਕਤ ਅਧਿਕਾਰੀਆਂ ਨੇ ਕਿਹਾ ਕਿ ਜਿੰਨੀ ਦੇਰ ਇਸ ਵਾਇਰਸ ਨੂੰ ਖਤਮ ਕਰਨ ਲਈ ਵੈਕਸੀਨ ਨਹੀਂ ਮਿਲਦੀ,ਓਨੀ ਦੇਰ ਇਸ ਤੋਂ ਬਚਾਅ ਲਈ ਸਾਵਧਾਨੀ ਵਰਤਣਾ ਹੀ ਆਖਰੀ ਰਸਤਾ ਹੈ। ਉਨਾਂ ਕਿਹਾ ਕਿ ਮਾਸਕ ਹੀ ਇਸ ਮੌਕੇ ਵੈਕਸੀਨ ਵਾਂਗ ਕੰਮ ਕਰੇਗਾ ਅਤੇ ਲੋਕ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਘਰਾਂ ਤੋਂ ਨਿਕਲਣ ਮੌਕੇ ਉਹ ਮਾਸਕ ਦੀ ਵਰਤੋਂ ਜਰੂਰ ਕਰਨ ਅਤੇ ਨਾਲ ਹੀ ਹੱਥਾਂ ਨੂੰ ਵਾਰ ਵਾਰ ਸਾਫ ਕਰਨ। ਉਨਾਂ ਕਿਹਾ ਕਿ ਸੋਸ਼ਲ ਡਿਸਟੈਂਸ ਬਣਾ ਕੇ ਵੀ ਲੋਕ ਇਸ ਵਾਇਰਸ ਤੋਂ ਆਪਣਾ ਅਤੇ ਹੋਰਨਾਂ ਦਾ ਬਚਾਅ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਪਰਚੇ ਦਰਜ ਕਰਨ ਦੇ ਇਲਾਵਾ ਜੁਰਮਾਨੇ ਕਰਨੇ ਪਏ ਸਨ। ਇਸ ਲਈ ਹੁਣ ਵੀ ਜੇਕਰ ਲੋਕਾਂ ਨੇ ਖੁਦ ਆਪਣੀ ਜਿੰਮੇਵਾਰੀ ਨਾ ਸਮਝੀ ਤਾਂ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣੇ ਪੈ ਸਕਦੇ ਹਨ।


Baljeet Kaur

Content Editor

Related News