‘ਕੋਡ-ਵਰਡਾਂ’ ’ਚ ਵਿਕ ਰਹੀ ਚਾਈਨਾ ਡੋਰ ਕਾਰਣ ‘ਸ਼ਰੇਆਮ’ ਜਾਰੀ ਹੈ ਕੀਮਤੀ ਜਾਨਾਂ ਨਾਲ ਖਿਲਵਾੜ

01/04/2021 9:48:48 AM

ਗੁਰਦਾਸਪੁਰ (ਹਰਮਨ): ਪਿਛਲੇ ਸਮੇਂ ਦੌਰਾਨ ਚਾਈਨਾ ਡੋਰ ਨਾਲ ਹੋ ਚੁੱਕੇ ਕਈ ਖਤਰਨਾਕ ਹਾਦਸਿਆਂ ਦੇ ਬਾਵਜਾਦੂ ਨਾਂ ਤਾਂ ਲੋਕ ਇਸ ਡੋਰ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਗੰਭੀਰ ਹੋ ਰਹੇ ਹਨ ਅਤੇ ਨਾ ਹੀ ਪੁਲਸ ਵਲੋਂ ਜ਼ਿਲ੍ਹੇ ’ਚ ਇਸ ਜਾਨਲੇਵਾ ਡੋਰ ਨੂੰ ਰੋਕਣ ਲਈ ਲੋੜੀਂਦੀ ਸਖ਼ਤੀ ਕੀਤੀ ਜਾ ਰਹੀ ਹੈ। ਇਸ ਤਹਿਤ ਹਾਲਾਤ ਇਹ ਬਣੇ ਹੋਏ ਹਨ ਕਿ ਜ਼ਿਲੇ੍ਹ ’ਚ ਵੱਖ-ਵੱਖ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ’ਚ ਇਸ ਡੋਰ ਦੀ ਵਿਕਰੀ ਜਾਰੀ ਹੈ। ਅੱਜ ਕਈ ਥਾਵਾਂ ’ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤੇ ਇਲਾਕਿਆਂ ’ਚ ਇਹ ਡੋਰ ‘ਕੋਡ ਵਰਡਾਂ’ ’ਚ ਵਿਕ ਰਹੀ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਵਲੋਂ ਕਿਸੇ ਅਣਜਾਣ ਵਿਅਕਤੀ ਨੂੰ ਸਿੱਧੇ ਤੌਰ ’ਤੇ ਚਾਈਨਾ ਡੋਰ ਵੇਚਣ ਦੀ ਬਜਾਏ ਕਿਸੇ ਭਰੋਸੇਯੋਗ ਜਾਣ ਪਛਾਣ ਵਾਲੇ ਵਿਅਕਤੀ ਰਾਹੀਂ ਡੋਰ ਵੇਚੀ ਜਾ ਰਹੀ ਹੈ, ਜਿਸ ਕਾਰਣ ਅਕਸਰ ਵੱਖ-ਵੱਖ ਥਾਵਾਂ ’ਤੇ ਪਤੰਗ ਉਡਾਉਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਦੇ ਹੱਥਾਂ ਵਿਚ ਇਹ ਡੋਰ ਦੇਖੀ ਜਾ ਸਕਦੀ ਹੈ।

ਪੁਲਸ ਦੀ ਕਾਰਵਾਈ
ਚਾਈਨਾ ਡੋਰ ਸਬੰਧੀ ਪੁਲਸ ਨੇ ਸਖ਼ਤੀ ਕਰਦਿਆਂ ਸਾਲ 2019 ਦੌਰਾਨ ਗੁਰਦਾਸਪੁਰ ਜ਼ਿਲੇ੍ਹ ਦੇ 4 ਥਾਣਿਆਂ ’ਚ 5 ਪਰਚੇ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚੋਂ ਤਿੰਨ ਪਰਚੇ ਸਿਟੀ ਥਾਣੇ ’ਚ ਦਰਜ ਕੀਤੇ ਸਨ ਜਦੋਂ ਕਿ ਪੁਰਾਣਾ ਸ਼ਾਲਾ, ਧਾਰੀਵਾਲ ਅਤੇ ਦੀਨਾਨਗਰ ’ਚ ਸਿਰਫ 1-1 ਪਰਚਾ ਦਰਜ ਕੀਤਾ ਗਿਆ ਸੀ। ਪਿਛਲੇ ਸਾਲ 2020 ਦੌਰਾਨ ਵੀ ਇਸ ਜ਼ਿਲੇ ’ਚ ਸਿਰਫ 5 ਹੀ ਪਰਚੇ ਕੀਤੇ ਗਏ, ਜਿਨ੍ਹਾਂ ’ਚ ਇਕ ਪਰਚਾ ਪੁਰਾਣਾ ਸ਼ਾਲਾ, 2 ਪਰਚੇ ਧਾਰੀਵਾਲ ਅਤੇ 2 ਪਰਚੇ ਦੀਨਾਨਗਰ ਵਿਚ ਸਨ।

ਸ਼ਰੇਆਮ ਹੁੰਦਾ ਹੈ ਜਾਨ ਨਾਲ ਖਿਲਵਾੜ
ਚਾਈਨਾ ਡੋਰ ਸਿੱਧੇ ਤੌਰ ’ਤੇ ਜਾਨਲੇਵਾ ਸਿੱਧ ਹੁੰਦੀ ਹੈ, ਜੋ ਪਲਾਸਟਿਕ ਨੁਮਾ ਪਦਾਰਥ ਤੋਂ ਬਣੀ ਹੋਣ ਕਾਰਣ ਆਸਾਨੀ ਨਾਲ ਟੁੱਟਦੀ ਨਹੀਂ । ਇਸ ਦਾ ਸਭ ਤੋਂ ਜ਼ਿਆਦਾ ਖਤਰਾ ਸੜਕਾਂ ’ਤੇ ਜਾਂਦੇ ਦੋਪਹੀਆ ਵਾਹਨ ਸਵਾਰਾਂ ਲਈ ਹੁੰਦਾ ਹੈ ਕਿਉਂਕਿ ਜਦੋਂ ਅਚਾਨਕ ਸੜਕਾਂ ’ਚ ਇਸ ਡੋਰ ਦੀ ਲਪੇਟ ਵਿਚ ਕੋਈ ਵਾਹਨ ਸਵਾਰ ਆਉਂਦਾ ਹੈ, ਇਹ ਤਿੱਖੀ ਅਤੇ ਮਜ਼ਬੂਤ ਡੋਰ ਕਾਫੀ ਨੁਕਸਾਨ ਕਰਦੀ ਹੈ, ਜਿਸ ਕਾਰਣ ਦਰਜਨਾਂ ਲੋਕ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਦੇ ਹਨ। ਏਨਾ ਹੀ ਨਹÄ ਕਈ ਪਸ਼ੂ-ਪੰਛੀ ਵੀ ਇਸ ਡੋਰ ਦੀ ਲਪੇਟ ਵਿਚ ਆ ਕੇ ਜਾਨ ਗਵਾ ਬੈਠਦੇ ਹਨ ਜਦੋਂ ਕਿ ਹੋਰ ਵੀ ਕਈ ਪੱਖਾਂ ਤੋਂ ਇਸ ਡੋਰ ਦੇ ਨੁਕਸਾਨ ਹੋਣ ਕਾਰਣ ਕਈ ਸਾਲਾਂ ਤੋਂ ਇਸ ਡੋਰ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦੀ ਮੰਗ ਉਠ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਡੋਰ ਨੂੰ ਰੋਕਣ ਦੀਆਂ ਜ਼ਿਆਦਾਤਰ ਕਾਰਵਾਈਆਂ ਸਿਰਫ ਖਾਨਾਪੂਰਤੀ ਤੱਕ ਸੀਮਤ ਹਨ ਜਦੋਂ ਕਿ ਅਜੇ ਵੀ ਇਸ ਇਲਾਕੇ ’ਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਜਾਰੀ ਹੈ।

ਸੜਕਾਂ ਕਿਨਾਰੇ ਪਤੰਗ ਉਡਾ ਕੇ ਮੌਤ ਨੂੰ ਸੱਦਾ ਦਿੰਦੇ ਹਨ ਕਈ ਬੱਚੇ
ਪਤੰਗਬਾਜੀ ਦੇ ਮਾਮਲੇ ਵਿਚ ਇਕ ਖਤਰਨਾਕ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਬਹੁਤ ਸਾਰੀਆਂ ਸੜਕਾਂ ਅਤੇ ਬਾਜ਼ਾਰਾਂ ਦੇ ਕਿਨਾਰੇ ਹੀ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਨਾਂ ਤਾਂ ਬੱਚਿਆਂ ਦੇ ਮਾਪੇ ਕੋਈ ਸੰਜੀਦਗੀ ਦਿਖਾਉਂਦੇ ਹਨ ਅਤੇ ਨਾ ਹੀ ਪੁਲਸ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਦੀ ਹੈ।

‘ਪੁਲਸ ਵੱਲੋਂ ਵਿਸ਼ੇਸ ਮੁਹਿੰਮ ਸ਼ੁਰੂ ਕੇ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਛਾਪੇਮਾਰੀ ਕੀਤੀ ਹੈ, ਜਿਸ ਤਹਿਤ ਪਰਚੇ ਵੀ ਦਰਜ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਜਗ੍ਹਾ ’ਤੇ ਚਾਈਨਾ ਡੋਰ ਦੀ ਵਿਕਰੀ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਸ ਨੂੰ ਜ਼ਰੂਰ ਸੂਚਿਤ ਕਰਨ, ਜਿਸ ਦੇ ਬਾਅਦ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖ ਕੇ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।’ -ਡਾ. ਰਜਿੰਦਰ ਸਿੰਘ ਸੋਹਲ, ਐੱਸ. ਐੱਸ. ਪੀ. ਗੁਰਦਾਸਪੁਰ।


Baljeet Kaur

Content Editor

Related News