ਕਾਰ ''ਚੋਂ 250 ਕਿਲੋ ਭੁੱਕੀ ਬਰਾਮਦ, ਇਕ ਕਾਬੂ

01/27/2020 6:10:19 PM

ਗੁਰਦਾਸਪੁਰ (ਹਰਮਨ) : ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਚੈਕਿੰਗ ਦੌਰਾਨ ਇਨੋਵਾ ਕਾਰ 'ਚੋਂ 2 ਕੁਇੰਟਲ 50 ਕਿਲੋ ਭੁੱਕੀ ਬਰਾਮਦ ਕਰ ਕੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਭਾਸ਼ ਲਾਲ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਪਿੰਡ ਮੁੰਨਣ ਨੇੜੇ ਇਕ ਇਨੋਵਾ ਕਾਰ ਨੰਬਰ ਪੀ. ਬੀ. 07. ਏ. ਐੱਲ-1760 ਦੇ ਚਾਲਕ ਸੁਲੱਖਣ ਸਿੰਘ ਉਰਫ ਸੱਖਾ ਪੁੱਤਰ ਪੂਰਨ ਸਿੰਘ ਨੂੰ ਗੱਡੀ 'ਚ ਨਸ਼ੇ ਵਾਲਾ ਪਦਾਰਥ ਹੋਣ ਦੇ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਅਤੇ ਜਦੋਂ ਪੁਲਸ ਅਧਿਕਾਰੀਆਂ ਦੀਆਂ ਮੌਜੂਦਗੀ 'ਚ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਪਲਾਸਟਿਕ ਦੀਆਂ ਬੋਰੀਆਂ 'ਚ ਭਰੀ ਹੋਈ 2 ਕੁਇੰਟਲ 50 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਸ ਵਲੋਂ ਉਕਤ ਕਾਰ ਚਾਲਕ ਤੋਂ ਪੁੱਛਗਿੱਛ ਕੀਤੀ ਜਿਸ 'ਤੇ ਕਾਰ ਚਾਲਕ ਨੇ ਦੱਸਿਆ ਕਿ ਇਹ ਭੁੱਕੀ ਸੁਖਰਾਜ ਸਿੰਘ ਦੋ ਦਿਨ ਪਹਿਲਾਂ ਆਪਣੀ ਸਕਾਰਪੀਓ ਕਾਰ 'ਤੇ ਉਸਦੇ ਘਰ ਛੱਡ ਗਿਆ ਸੀ, ਜਿਸਨੂੰ ਉਹ ਆਪਣੀ ਗੱਡੀ ਵਿਚ ਸੁਖਰਾਜ ਸਿੰਘ ਦੇ ਘਰ ਛੱਡਣ ਲਈ ਜਾ ਰਿਹਾ ਸੀ। ਪੁਲਸ ਨੇ ਸੁਲੱਖਣ ਸਿੰਘ ਅਤੇ ਸੁਖਰਾਜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Baljeet Kaur

Content Editor

Related News