ਫੌਜ ''ਚ ਭਰਤੀ ਕਰਵਾਉਣ ਦੇ ਨਾਂ ''ਤੇ 9.50 ਲੱਖ ਠੱਗੇ

01/02/2020 5:18:22 PM

ਗੁਰਦਾਸਪੁਰ (ਵਿਨੋਦ) : ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ 9.50 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਵਿਰੁੱਧ ਪੁਲਸ ਨੇ ਧਾਰਾ 420 ਅਧੀਨ ਕੇਸ ਦਰਜ ਕੀਤਾ ਹੈ। ਪੀੜਤ ਰਛਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦਬੂੜੀ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 25 ਜੁਲਾਈ 2019 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੂਰਜ ਕੁਮਾਰ ਪੁੱਤਰ ਬਿੱਲਾ ਰਾਮ ਵਾਸੀ ਮੁਹੱਲਾ ਡਾਂਗੂ ਰੋਡ ਪਠਾਨਕੋਟ ਨੇ ਉਸ ਦੇ ਬੇਟੇ ਮਨਪ੍ਰੀਤ ਸਿੰਘ ਸਮੇਤ ਮੇਰੇ ਰਿਸ਼ਤੇਦਾਰ ਦਲਵਿੰਦਰ ਸਿੰਘ ਵਾਸੀ ਨਡਾਲਾ, ਸਤਿੰਦਰ ਸਿੰਘ ਵਾਸੀ ਅਮੀਪੁਰ ਅਤੇ ਹਰਦੀਪ ਸਿੰਘ ਵਾਸੀ ਨਵਾਂ ਪਿੰਡ ਦੇ ਬੇਟੇ ਨੂੰ ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ 9 ਲੱਖ 50 ਹਜ਼ਾਰ ਰੁਪਏ ਸਾਲ 2015 'ਚ ਲਏ ਸਨ ਪਰ ਉਸਨੇ ਉਨ੍ਹਾਂ ਦੇ ਪੁੱਤਰਾਂ ਨੂੰ ਭਰਤੀ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਝੂਠੇ ਫੋਨ ਉੱਚ ਫੌਜ ਅਧਿਕਾਰੀਆਂ ਦੇ ਨਾਂ ਤੋਂ ਕਰਵਾਉਂਦਾ ਰਿਹਾ ਕਿ ਉਨ੍ਹਾਂ ਦੇ ਪੁੱਤਰਾਂ ਦੀ ਫੌਜ 'ਚ ਭਰਤੀ ਹੋ ਗਈ ਹੈ ਅਤੇ ਕੁਝ ਰਾਸ਼ੀ ਹੋਰ ਸੂਰਜ ਕੁਮਾਰ ਨੂੰ ਅਦਾ ਕੀਤੀ ਜਾਵੇ। ਅਸੀਂ ਮੁਲਜ਼ਮ ਦੇ ਬੈਂਕ ਖਾਤੇ 'ਚ 5 ਲੱਖ ਰੁਪਏ ਜਮ੍ਹਾ ਕਰਵਾਏ ਅਤੇ ਬਾਕੀ ਉਹ ਨਕਦ ਸਾਡੇ ਤੋਂ ਲੈ ਕੇ ਜਾਂਦਾ ਰਿਹਾ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਜਦ ਸਾਡੇ ਲੜਕੇ ਫੌਜ 'ਚ ਭਰਤੀ ਨਾ ਕਰਵਾਏ ਤਾਂ ਅਸੀਂ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਉਹ ਟਾਲ-ਮਟੋਲ ਕਰਨ ਲੱਗਾ, ਜਿਸ ਕਾਰਣ ਅਸੀਂ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ।

ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਭੂਪਿੰਦਰ ਸਿੰਘ ਅਨੁਸਾਰ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਗੁਰਦਾਸਪੁਰ ਵੱਲੋਂ ਕੀਤੀ ਗਈ ਸੀ ਅਤੇ ਜਾਂਚ 'ਚ ਮੁਲਜ਼ਮ ਨੇ ਇਹ ਕਬੂਲ ਕੀਤਾ ਸੀ ਕਿ ਇਹ ਰਾਸ਼ੀ ਲੋਕਾਂ ਤੋਂ ਲਈ ਹੈ ਅਤੇ ਇਹ ਰਾਸ਼ੀ ਅੱਗੇ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਡੀ. ਐੱਸ. ਪੀ. ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਦੋਰਾਂਗਲਾ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News