ਮਹਾਪੁਰਸ਼ ਭੂਰੀ ਵਾਲਿਆਂ ਦਾ ਮਨੁੱਖਤਾ ਦੀ ਸੇਵਾ ’ਚ ਵੱਡਾ ਉਪਰਾਲਾ, ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ’ਚ ਰੋਜ਼ਾਨਾ ਪਹੁੰਚਾ ਰਹੇ ਲੰਗਰ

05/15/2021 2:36:24 PM

ਅੰਮ੍ਰਿਤਸਰ (ਛੀਨਾ)-ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਸੇਵਾ ਦੇ ਪੁੰਜ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵੱਲੋਂ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਕੋਰੋਨਾ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਸਮੇਤ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ 3 ਟਾਈਮ ਲੰਗਰ ਭੇਜਣ ਦੀ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ। ਇਸ ਸਬੰਧ ’ਚ ਜਗ ਬਾਣੀ ਦੀ ਟੀਮ ਜਦੋਂ ਸੰਪ੍ਰਦਾਇ ਡੇਰਾ ਕਾਰ ਸੇਵਾ ਬਾਬਾ ਭੂਰੀ ਵਾਲੇ ਨਿਰਮਲੇ ਤਪੋਬਨ ਤਰਨਤਾਰਨ ਰੋਡ ਵਿਖੇ ਪਹੁੰਚੀ ਤਾਂ ਉਥੇ ਡੇਰੇ ਦੇ ਸੇਵਾਦਾਰਾਂ ਵਲੋਂ ਸਫਾਈ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਦਿਆ ਮੂੰਹ ’ਤੇ ਮਾਸਕ ਲਗਾ ਕੇ ਲੰਗਰ ਤਿਆਰ ਕਰਨ ਦੀ ਸੇਵਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਜਾ ਰਹੀ ਸੀ।

ਇਸ ਮੌਕੇ ’ਤੇ ਗੱਲਬਾਤ ਕਰਦਿਆਂ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਲਪੇਟ ’ਚ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦੂਰੋਂ ਨੇੜਿਓਂ ਵੱਡੀ ਗਿਣਤੀ ’ਚ ਪਹੁੰਚ ਕੇ ਇਲਾਜ ਕਰਵਾ ਰਹੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਰੋਜ਼ਾਨਾ 3 ਟਾਈਮ ਲੰਗਰ ਭੇਜਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਜਿਸ ਤਰ੍ਹਾਂ ਦਾ ਮਰੀਜ਼ਾਂ ਨੂੰ ਭੋਜਨ ਚਾਹੀਦਾ ਹੋਵੇ, ਉਸੇ ਤਰ੍ਹਾਂ ਦਾ ਹੀ ਲੰਗਰ ਤਿਆਰ ਕਰਵਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਰੋਜ਼ਾਨਾ 400 ਤੋਂ 500 ਦੇ ਕਰੀਬ ਵਿਅਕਤੀਆਂ ਲਈ ਲੰਗਰ ਭੇਜਿਆ ਜਾਂਦਾ ਹੈ, ਜਿਸ ਵਿਚ ਚਾਹ, ਸਬਜ਼ੀ, ਦਾਲ, ਪ੍ਰਸ਼ਾਦਾ ਤੇ ਮਿੱਠਾ ਵੀ ਸ਼ਾਮਲ ਹੁੰਦਾ ਹੈ। ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਅਕਾਲ ਪੁਰਖ ਦੇ ਚਰਨਾਂ ’ਚ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਦੁਨੀਆ ਨੂੰ ਇਸ ਭਿਆਨਕ ਕੋਰੋਨਾ ਵਾਇਰਸ ਤੋਂ ਜਲਦ ਛੁਟਕਾਰਾ ਦਿਵਾਉਣ ਕਿਉਂਕਿ ਇਸ ਮਹਾਮਾਰੀ ਨੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਭਿਆਨਕ ਮਹਾਮਾਰੀ ਜਦੋਂ ਤੱਕ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਹਸਪਤਾਲਾਂ ’ਚ ਲੰਗਰ ਪਹੁੰਚਾਉਣ ਦੀ ਸੇਵਾ ਇਵੇਂ ਹੀ ਨਿਰੰਤਰ ਜਾਰੀ ਰਹੇਗੀ।

Manoj

This news is Content Editor Manoj