ਮਾਨ ਸਰਕਾਰ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦੇਵੇਗੀ : ਹਰਭਜਨ ਸਿੰਘ ETO

07/22/2022 5:30:18 PM

ਅੰਮ੍ਰਿਤਸਰ (ਨੀਰਜ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਬਾਅਦ ਦੁਪਹਿਰ ਅਚਨਚੇਤ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦਫ਼ਤਰ ’ਚ ਬਣੇ ਸੁਵਿਧਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੰਮ ਕਰਵਾਉਣ ਆਏ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਕੰਮ ਕਰਨ ’ਚ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣਿਆ। ਇਸ ਦੌਰਾਨ ਇਕ ਵਿਅਕਤੀ ਅਜਿਹਾ ਮਿਲਿਆ, ਜਿਸ ਦਾ ਕੰਮ ਲੰਮੇ ਸਮੇਂ ਤੋਂ ਲੰਬਿਤ ਚੱਲ ਰਿਹਾ ਸੀ, ਕੈਬਨਿਟ ਮੰਤਰੀ ਨੇ ਉਸ ਦਾ ਕੇਸ ਸੁਣਿਆ ਅਤੇ ਜਲਦੀ ਹੱਲ ਕਰਨ ਦੀ ਹਦਾਇਤ ਕੀਤੀ।

PunjabKesari

ਇਸ ਦੌਰਾਨ ਉਨ੍ਹਾਂ ਲੋਕਾਂ ਦੇ ਬੈਠਣ ਅਤੇ ਕੰਮ ਕਰਵਾਉਣ ਸਮੇਂ ਉਡੀਕ ਕਰਨ ਵਾਲੇ ਸਥਾਨ ਉਪਰ ਪੱਖਿਆਂ ਦੀ ਘਾਟ ਮਹਿਸੂਸ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕਮੀ ਦੂਰ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ’ਚ ਕੋਈ ਕੰਮ ਪੈਸੇ ਜਾਂ ਲਾਲਚ ’ਚ ਨਹੀਂ ਹੋਵੇਗਾ ਅਤੇ ਸਰਕਾਰ ਇਨ੍ਹਾਂ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦੇਵੇਗੀ।

PunjabKesari

ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਦਫ਼ਤਰਾਂ ’ਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਇਸ ਮੌਕੇ ਰੋਜ਼ਗਾਰ ਬਿਊਰੋ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨਾਲ ਰੋਜ਼ਗਾਰ ਪ੍ਰਾਪਤੀ ਬਾਰੇ ਖੁੱਲ੍ਹ ਕੇ ਗੱਲਬਾਤ ਵੀ ਕੀਤੀ। ਉਨ੍ਹਾਂ ਕੇਂਦਰ ਨੂੰ ਸਰਕਾਰ, ਉਦਯੋਗਿਕ ਅਤੇ ਵਪਾਰ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ।


Manoj

Content Editor

Related News