ਸਰਕਾਰੀ ਗੋਦਾਮਾਂ ਤੋਂ ਕਣਕ ਚੋਰੀ ਕਰਨ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼

10/19/2019 6:07:57 PM

ਅੰਮ੍ਰਿਤਸਰ (ਸੰਜੀਵ)— ਕਮਿਸ਼ਨਰੇਟ ਪੁਲਸ ਨੇ ਸਰਕਾਰੀ ਗੋਦਾਮਾਂ 'ਚ ਪਈ ਕਣਕ ਚੋਰੀ ਕਰਨ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀ ਗਈ ਕਣਕ ਦੀਆਂ ਬੋਰੀਆਂ 'ਚੋਂ 660 ਬੋਰੀ ਕਣਕ ਅਤੇ ਵਾਰਦਾਤ 'ਚ ਇਸਤੇਮਾਲ ਕੀਤੇ ਗਏ 2 ਟਰੱਕ ਬਰਾਮਦ ਕੀਤੇ ਹਨ। ਜ਼ਿਲਾ ਫਿਰੋਜ਼ਪੁਰ ਦੇ ਜ਼ੀਰੇ ਤੋਂ ਗ੍ਰਿਫਤਾਰ ਕੀਤੇ ਕਣਕ ਚੋਰਾਂ 'ਚ ਕੁਲਦੀਪ ਸਿੰਘ ਕੀਪੂ ਵਾਸੀ ਪਹੂੰਵਿੰਡ, ਗੁਰਮੀਤ ਸਿੰਘ ਫੌਜੀ ਵਾਸੀ ਭੱਗੂਪੁਰ ਅਤੇ ਦਿਲਦਾਰ ਸਿੰਘ ਦਾਰਾ ਵਾਸੀ ਅਮਰਕੋਟ ਮੀਰਕੇ ਸ਼ਾਮਲ ਹਨ।

ਗਿਰੋਹ ਵੱਲੋਂ ਚੋਰੀ ਕੀਤੀ ਗਈ ਕਣਕ ਨੂੰ ਆਪਣੇ ਗੁਦਾਮ 'ਚ ਸਟਾਕ ਕਰਨ ਵਾਲਾ ਰਮੇਸ਼ ਕੁਮਾਰ ਸੋਨੂ ਵਾਸੀ ਜੀਰਾ ਹੁਣ ਪੁਲਸ ਦੇ ਹੱਥੇ ਨਹੀਂ ਚੜ੍ਹਿਆ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਇਹ ਖੁਲਾਸਾ ਅੱਜ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਜਿਨ੍ਹਾਂ ਦੇ ਨਾਲ ਥਾਣਾ ਛੇਹਰਟਾ ਦੀ ਇੰਚਾਰਜ ਰਾਜਵਿੰਦਰ ਕੌਰ ਅਤੇ ਹੋਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲੈ ਲਿਆ ਗਿਆ ਹੈ।

ਇਹ ਹੈ ਮਾਮਲਾ
13 ਅਕਤੂਬਰ 2019 ਨੂੰ ਪਨਸਪ ਦੇ ਇੰਸਪੈਕਟਰ ਮਨਜੀਤ ਸਿੰਘ ਨੇ ਥਾਣਾ ਛੇਹਰਟਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 12-13 ਅਕਤੂਬਰ ਦੀ ਵਿਚਕਾਰ ਰਾਤ 20-25 ਦੇ ਕਰੀਬ ਅਣਪਛਾਤੇ ਨੌਜਵਾਨ 2 ਟਰੱਕ ਲੈ ਕੇ ਆਏ। ਪਨਸਪ ਗੁਦਾਮ ਦੇ ਤਾਲੇ ਤੋੜ ਅੰਦਰ ਦਾਖਲ ਹੋ ਗਏ, ਜਿੱਥੇ ਸੁਰੱਖਿਆ 'ਚ ਤਾਇਨਾਤ 5 ਚੌਕੀਦਾਰਾਂ ਨੂੰ ਮੁਲਜਮਾਂ ਨੇ ਬੰਧੀ ਬਣਾ ਲਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਗੁਦਾਮ 'ਚ ਬੰਨ੍ਹ ਦਿੱਤਾ। ਸਾਰੇ ਮੁਲਜ਼ਮਾਂ ਨੇ ਗੁਦਾਮ 'ਚ ਪਈ ਕਣਕ ਦੀਆਂ ਬੋਰੀਆਂ 'ਚੋਂ 992 ਬੋਰੀਆਂ ਕਣਕ ਟਰੱਕਾਂ ਵਿਚ ਲੋਡ ਕਰ ਲਈਆਂ ਅਤੇ ਜਾਂਦੇ ਹੋਏ ਸਾਰੇ ਚੌਕੀਦਾਰਾਂ ਦੇ ਮੋਬਾਇਲ ਫੋਨ ਵੀ ਆਪਣੇ ਨਾਲ ਲੈ ਗਏ ਸਨ। ਇਸ ਤੋਂ ਬਾਅਦ ਪੁਲਸ ਦੀਆ ਵੱਖ-ਵੱਖ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਨੂੰ ਇਨਪੁਟ ਮਿਲੀ ਕਿ ਉਕਤ ਮੁਲਜਮ ਚੋਰੀ ਦੀ ਕਣਕ ਨਾਲ ਭਰੇ ਟਰੱਕ ਲੈ ਕੇ ਫਿਰੋਜ਼ਪੁਰ ਵੱਲ ਗਏ ਹਨ, ਜਿਸ ਦੇ ਬਾਅਦ ਪੁਲਸ ਨੇ ਛਾਪਾਮਾਰੀ ਕਰਕੇ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਟਰੱਕ ਨੰਬਰ ਪੀ ਬੀ 05-8677 ਅਤੇ ਟਰੱਕ ਨੰਬਰ ਆਰ ਜੇ 19 ਜੀ ਏ 3747 ਬਰਾਮਦ ਕਰ ਲਿਆ ਗਿਆ ਅਤੇ ਫਰਾਰ ਚੱਲ ਰਹੇ ਮੁਲਜਮ ਰੇਸ਼ਮ ਕੁਮਾਰ ਸੋਨੂੰ ਦੇ ਘਰ 'ਚ ਬਣੇ ਗੁਦਾਮ 'ਚ ਚੋਰੀਆਂ ਦੀਆਂ 660 ਬੋਰੀਆਂ ਬਰਾਮਦ ਹੋਈਆਂ। ਹੁਣ ਪੁਲਸ ਵੱਲੋਂ 332 ਬੋਰੀਆਂ ਕਣਕ ਅਤੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਡੇਢ ਦਰਜਨ ਦੇ ਕਰੀਬ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਇਹ ਕਹਿਣਾ ਹੈ ਏ. ਸੀ. ਪੀ.ਦਾ
ਏ. ਸੀ. ਪੀ. ਦੇਵਦੱਤ ਨੇ ਅੱਗੇ ਦੱਸਿਆ ਕਿ ਉਕਤ ਗਿਰੋਹ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਪੂਰੀ ਸਰਗਰਮੀ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਨ੍ਹਾਂ ਦੇ ਨਿਸ਼ਾਨੇ 'ਤੇ ਸਰਕਾਰੀ ਕਣਕ ਦੇ ਗੁਦਾਮ ਰਹਿੰਦੇ ਸਨ। ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਬਾਰੀਕੀ ਦੇ ਨਾਲ ਪੁੱਛਗਿਛ ਕਰ ਰਹੀ ਹੈ। ਕਈ ਹੋਰ ਮਾਮਲਿਆਂ ਦੇ ਸਾਹਮਣੇ ਆਉਣ ਦੀ ਵੀ ਸੰਭਾਵਨਾ ਹੈ।

shivani attri

This news is Content Editor shivani attri