ਪੰਜਾਬ ਸਰਕਾਰ ਸ਼ਰਾਰਤੀਆਂ ''ਤੇ ਕੱਸੇ ਸਿਕੰਜਾ, ਮਸੀਹ ਭਾਈਚਾਰਾ ਨਹੀਂ ਕਰੇਗਾ ਕੋਈ ਵਧੀਕੀ ਬਰਦਾਸ਼ਤ

08/24/2019 8:33:38 PM

ਅੰਮ੍ਰਿਤਸਰ,(ਛੀਨਾ): ਪੰਜਾਬ 'ਚ ਇਸਾਈ ਭਾਈਚਾਰੇ ਦੇ ਧਾਰਮਿਕ ਸਮਾਗਮਾਂ 'ਚ ਵਿਘਨ ਪਾਏ ਜਾਣ ਦੇ ਵਿਰੋਧ 'ਚ ਅੱਜ ਆਲ ਇੰਡੀਆ ਕ੍ਰਿਸ਼ਚਨ ਸਮਾਜ ਮੋਰਚਾ ਦੇ ਕੌਮੀ ਚੇਅਰਮੈਨ ਜਸਪਾਲ ਮਸੀਹ, ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ, ਮਨਿਸਟਰੀ ਦੇ ਚੇਅਰਮੈਨ ਸੰਜੀਵ ਕੁਮਾਰ, ਪੈਂਟੀਕਾਸਟਲ ਮਸੀਹ ਸਭਾ ਦੇ ਪ੍ਰਧਾਨ ਜੋਨ ਕੋਟਲੀ ਤੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਲੁਕਸ ਮਸੀਹ ਸਮੇਤ ਵੱਖ-ਵੱਖ ਇਸਾਈ ਜਥੇਬੰਦੀਆ ਦੇ ਨੁਮਾਇੰਦਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਮਸੀਹ ਭਾਈਚਾਰੇ ਦੇ ਸਮਾਗਮਾਂ 'ਚ ਵਿਘਨ ਪਾਉਣ ਵਾਲੇ ਸ਼ਰਾਰਤੀ ਅਨਸਰਾਂ 'ਤੇ ਸਖਤੀ ਨਾਲ ਸਿਕੰਜਾਂ ਕੱਸਿਆ ਜਾਵੇ ਨਹੀ ਤਾਂ ਪੰਜਾਬ ਦਾ ਸਮੁੱਚਾ ਮਸੀਹ ਭਾਈਚਾਰਾ ਸੜਕਾ 'ਤੇ ਆ ਕੇ ਇਕ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਇਸ ਮੌਕੇ 'ਤੇ ਪ੍ਰਧਾਨ ਜਸਪਾਲ ਮਸੀਹ ਤੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਮਸੀਹ ਭਾਈਚਾਰੇ ਦੇ ਸਮਾਗਮਾਂ 'ਚ ਕਿਸੇ ਵੀ ਜਾਤ, ਧਰਮ ਦੇ ਖਿਲਾਫ ਕੋਈ ਟਿੱਪਣੀ ਨਹੀ ਕੀਤੀ ਜਾਂਦੀ ਤੇ ਨਾ ਹੀ ਜਬਰੀ ਜਾਂ ਲਾਲਚ ਵੱਸ ਕਿਸੇ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਸਮਾਗਮਾਂ 'ਚ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਸਭ ਨੂੰ ਆਪਸ 'ਚ ਪਿਆਰ ਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿਤਾ ਜਾਂਦਾ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਸੀਹ ਭਾਈਚਾਰੇ ਨੂੰ ਕਈ ਤਰ੍ਹਾਂ ਦੀਆਂ ਝੂਠੀਆਂ ਤੋਹਮਤਾਂ ਲਾ ਕੇ ਬਦਨਾਮ ਕਰਨ ਸਮੇਤ ਉਨ੍ਹਾਂ ਦੇ ਧਾਰਮਿਕ ਸਮਾਗਮ 'ਚ ਵਿਘਨ ਪਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ, ਜੋ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਜਸਪਾਲ ਮਸੀਹ ਤੇ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਛੇਤੀ ਹੀ ਕਾਬੂ ਨਾ ਪਾਇਆ ਤਾਂ ਆਉਣ ਵਾਲੇ ਦਿਨਾ 'ਚ ਪੰਜਾਬ ਦਾ ਮਾਹੌਲ ਗਰਮਾ ਸਕਦਾ ਹੈ ਕਿਉਂਕਿ ਹੁਣ ਈਸਾਈ ਭਾਈਚਾਰਾ ਹੋਰ ਸ਼ਰਾਰਤਾਂ ਨੂੰ ਬਰਦਾਸਤ ਨਹੀ ਕਰੇਗਾ, ਜਿਸ ਕਾਰਨ ਕੋਈ ਵੱਡਾ ਦੁਖਾਂਤ ਵੀ ਵਾਪਰ ਸਕਦਾ ਹੈ। ਇਸ ਸਮੇਂ ਮੈਰਿਜ ਰਜਿਸਟਰਾਰ ਮਹਿਬੂਬ ਰਾਏ, ਮਨਿਸਟਰੀ ਦੇ ਚੇਅਰਮੈਨ ਸੰਜੀਵ ਕੁਮਾਰ ਲੱਡੂ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪੰਜਾਬ ਪ੍ਰਧਾਨ ਰਿੰਕੂ ਲੁਧਿਆਣਾ, ਬੱਬਲੂ ਮਸੀਹ ਥੋਬਾ, ਮਨੋਜ ਪਹਿਲਵਾਨ, ਦੀਪਕ ਰਾਜਾ, ਰਾਜੇਸ਼ ਚੋਧਰੀ, ਰਾਕੇਸ਼ ਕੁਮਾਰ ਫਾਜਿਲਕਾ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਗੁਰਦੀਪ ਸਿੰਘ ਤੇ ਹੋਰ ਵੀ ਜਥੇਬੰਦੀ ਆਗੂ ਹਾਜ਼ਰ ਸਨ।