ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਦੇਵੇ ਮੁਆਵਜ਼ਾ : ਚੀਮਾ

08/21/2019 8:13:39 PM

ਪੱਟੀ- (ਸੌਰਭ)-ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੱਟੀ ਹਲਕੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਨੁਕਸਾਨੀ ਫਸਲ ਦੇ ਮਾਲਕਾਂ ਨੂੰ ਮਿਲੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੀਮਾ ਨੇ ਦੱਸਿਆ ਕਿ ਹੜ੍ਹਾਂ ਦਾ ਜ਼ਿਆਦਾ ਪਾਣੀ ਆਉਣ ਕਾਰਣ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਲੋਕ ਘਰੋਂ ਬੇਘਰ ਹੋ ਰਹੇ ਹਨ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੇ ਨਾਲ-ਨਾਲ ਮੱਝਾਂ ਗਾਵਾਂ ਬਿਲਕੁਲ ਤਬਾਹ ਅਤੇ ਬਰਬਾਦ ਹੋ ਗਈਆਂ ਹਨ। ਚੀਮਾ ਨੇ ਹਰੀਕੇ ਪੱਤਣ ਤੋਂ ਮੁਠਿਆਵਾਂ ਤੱਥ ਦਰਿਆ ਦੇ ਕੰਢੇ ਵਸਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਪਿੰਡ ਸਭਰਾ ਹਥਾੜ, ਫੁੱਲ ਵਾਲੀ ਵਸਤੀ, ਘੜੰਮ, ਰਾਧਲਕੇ ਅਤੇ ਮੁਠਿਆਂ ਵਾਲਾ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ। ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੜ੍ਹ ਦੀ ਮਾਰ ਹੇਠ ਆਈ ਹੈ, ਪੰਜਾਬ ਸਰਕਾਰ ਉਨ੍ਹਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ। ਇਸ ਮੌਕੇ ਭੋਲਾ ਸਿੰਘ, ਕੁਲਵੰਤ ਸਿੰਘ, ਗੁਰਲਾਲ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।


Karan Kumar

Content Editor

Related News