ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਪਰਿਵਾਰ ਸਮੇਤ ਸੱਚਖੰਡ ਨਤਮਸਤਕ

07/25/2021 6:10:25 PM

ਅੰਮ੍ਰਿਤਸਰ (ਅਨਜਾਣ): ਸਿੰਘੂ ਬਾਰਡਰ ’ਤੇ ਗੋਲਡਨ ਹੱਟ ਦੇ ਨਾਮ ਨਾਲ ਜਾਣੇ ਜਾਂਦੇ ਰਾਮ ਸਿੰਘ ਰਾਣਾ ਜਿਨ੍ਹਾਂ ਧਰਨਾ ਦੇ ਰਹੇ ਕਿਸਾਨ ਭਰਾਵਾਂ ਲਈ ਆਪਣੇ ਹੋਟਲ ‘ਚ ਰਿਹਾਇਸ਼ ਤੇ ਫ੍ਰੀ ਲੰਗਰ ਲਗਾਇਆ ਹੈ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਉਪਰੰਤ ਪਰਿਕਰਮਾ ਕੀਤੀ ਤੇ ਲੰਗਰ ਛਕਿਆ। ਸੂਚਨਾ ਕੇਂਦਰ ਵਿਖੇ ਰਾਮ ਸਿੰਘ ਰਾਣਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਮੈਨੇਜਰ ਗੁਰਵਿੰਦਰ ਸਿੰਘ ਤੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਣਾ ਨੇ ਕਿਹਾ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ’ਤੇ ਇਹ ਅਰਦਾਸ ਕਰਨ ਲਈ ਆਏ ਨੇ ਕਿ ਪਾਤਸ਼ਾਹ ਆਪਣੀ ਸੇਵਾ ਤੂੰ ਆਪ ਲੈਂਦਾ ਰਹੀਂ ਤੇ ਇਹ ਕਿਸਾਨ ਸੰਘਰਸ਼ ਖਤਮ ਹੋਣ ਤੱਕ ਨਿਰਵਿਘਨ ਕਰਵਾਈ। ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੋਲਡਨ ਹੱਟ ਤੇ ਸਰਕਾਰ ਵੱਲੋਂ ਇਹ ਸੰਦੇਸ਼ ਆ ਰਹੇ ਨੇ ਕਿ ਰਾਣਾ ਜੀ ਹੁਣ ਸੇਵਾ ਬੰਦ ਕਰੋ ਨਹੀਂ ਤਾਂ ਦੂਸਰਾ ਹੋਟਲ ਵੀ ਬੰਦ ਹੋ ਸਕਦਾ ਹੈ। ਮੈਂ ਕਿਹਾ ਕਿ ਇਕ ਤਾਂ ਮੈਂ ਖ਼ੁਦ ਕਰ ਦਿੱਤਾ ਕਿਉਂਕਿ ਉਹ ਕਿਸਾਨਾਂ ਦੀ ਸੇਵਾ ਲਈ ਲਗਾਇਆ ਹੈ ਤੇ ਦੂਸਰਾ ਤੁਸੀਂ ਕਰ ਦਿਓ। ਉਨ੍ਹਾਂ ਕਿਹਾ ਕਿ ਅੱਠ ਮਹੀਨੇ ਤਾਂ ਕੀ ਜੇਕਰ ਅੱਠ ਸਾਲ ਵੀ ਸੇਵਾ ਕਰਨੀ ਪਈ ਤਾਂ ਬਿਨਾਂ ਕਿਸੇ ਡਰ ਦੇ ਕਰਾਂਗੇ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੇਰਾ ਇਲੈਕਸ਼ਨ ਲੜਨ ਦਾ ਕੋਈ ਇਰਾਦਾ ਨਹੀਂ। ਮੈਂ ਤਾਂ ਮਾਨਵਤਾ ਦਾ ਸੇਵਾਦਾਰ ਹਾਂ, ਮੈਨੂੰ ਤਾਂ ਸਟੇਜ ਤੇ ਵੀ ਬੋਲਣਾ ਨਹੀਂ ਆਉਂਦਾ। ਉਨ੍ਹਾਂ ਉਹ ਸਭ ਵਿਅਕਤੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਕਾਰਜ ਵਿੱਚ ਤਿਲ ਫੁਲ ਵੀ ਸੇਵਾ ਪਾਈ। ਉਨ੍ਹਾਂ ਕਿਹਾ ਕਿ ਮੈਂ ਨਾਂ ਤਾਂ ਕਿਸਾਨਾਂ ਦੀ ਗੱਲ ਕਰ ਰਿਹਾ ਹਾਂ ਤੇ ਨਾ ਹੀ ਸਰਕਾਰ ਦੀ, ਮੈਂ ਤਾਂ ਸਿਰਫ਼ ਇਨਸਾਨੀਅਤ ਦੀ ਸੇਵਾ ਕਰ ਰਿਹਾ ਹਾਂ ਤੇ ਇਨਸਾਨੀਅਤ ਦੀ ਸੇਵਾ ਕਰਦਿਆਂ ਕੋਈ ਡਰ ਨਹੀਂ। ਉਨ੍ਹਾਂ ਕਿਹਾ ਕਿ ਜੰਗਾਂ ਹਮੇਸ਼ਾਂ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ ਹੌਂਸਲੇ ਨਾਲ ਲੜੀਆਂ ਜਾਂਦੀਆਂ ਨੇ। ਕਿਸਾਨ ਮੋਰਚਾ ਖ਼ਤਮ ਹੋਣ ਤੇ ਅਸਲ ਜ਼ਿੰਦਗੀ ਸ਼ੁਰੂ ਹੋਵੇਗੀ, ਫ਼ਿਰ ਸੋਚਾਂਗੇ ਕਿ ਕੀ ਵੱਟਿਆ ਤੇ ਕੀ ਖੱਟਿਆ।

ਮੈਨੂੰ ਆਪਣੇ ਪੁੱਤਰ ’ਤੇ ਮਾਣ ਹੈ :
ਰਾਣਾ ਦੀ ਬਜ਼ੁਰਗ ਮਾਤਾ ਨੇ ਕਿਹਾ ਮੈਨੂੰ ਆਪਣੇ ਪੱਤਰ ‘ਤੇ ਮਾਣ ਹੈ ਕਿ ਉਹ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਪ੍ਰਮਾਤਮਾ ਹਰ ਮਾਂ ਨੂੰ ਐਸਾ ਪੁੱਤਰ ਹੀ ਦੇਵੇ।

ਪ੍ਰਮਾਤਮਾਂ ਦੀ ਬਖਸ਼ਿਸ਼ਾਂ ਸਦਕਾ ਹੀ ਵੱਡੇ-ਵੱਡੇ ਕਾਰਜ ਹੁੰਦੇ ਨੇ: ਟਿੱਕਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਹੀ ਕੋਈ ਇਨਸਾਨ ਵੱਡੇ-ਵੱਡੇ ਕਾਰਜ ਕਰ ਸਕਦਾ ਹੈ। ਇਨ੍ਹਾਂ ਦੀ ਸੇਵਾ ਬਹੁਤ ਹੈ ਤੇ ਇਸੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਸਿਰੋਪਾਓ ਦੇ ਕੇ ਤੋਰ ਰਹੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਰਾਣਾ ਜੀ, ਇਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ ਤੇ ਸਾਡੇ ਕਿਸਾਨ ਭਰਾ ਕਾਮਯਾਬ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤਣ।


Shyna

Content Editor

Related News