ਗੋਬਰ ਗੈਸ ਤੋਂ ਸਿੱਲਾਂ ਚੁੱਕਣ ਕਾਰਨ ਅਕਾਲੀਆਂ ਤੇ ਕਾਂਗਰਸੀਆਂ ’ਚ ਬਣਿਆ ਤਣਾਅ ਦਾ ਮਾਹੌਲ

09/19/2018 2:29:22 AM

ਝਬਾਲ,   (ਨਰਿੰਦਰ)-  ਪਿਛਲੀ ਅਕਾਲੀ ਪੰਚਾਇਤ ਵੱਲੋਂ ਪਿੰਡ ਗੱਗੋਬੂਹਾ ਵਿਖੇ ਗਰੀਬ ਲੋਕਾਂ ਨੂੰ ਪੰਚਾਇਤ ਵੱਲੋਂ ਮੁਫਤ ਗੈਸ ਦੀ ਸਪਲਾਈ ਦੇਣ ਲਈ ਬਣਾਏ ਗਏ ਗੋਬਰ ਗੈਸ ਪਲਾਂਟ ਤੋਂ ਪਿੰਡ ਦੇ ਕੁਝ ਕਾਂਗਰਸੀ ਪੱਖੀ ਵਿਅਕਤੀਆਂ ਵੱਲੋਂ ਸਿਲਾਂ ਚੁੱਕ ਕੇ ਦੂਰ ਗਲੀਆਂ ਦੀਆਂ ਨਾਲੀਆਂ ’ਤੇ ਰੱਖਣ ਕਰ ਕੇ ਪਿੰਡ ’ਚ ਅਕਾਲੀ ਦਲ ਅਤੇ ਕਾਂਗਰਸੀਆਂ ਵਿਚਾਕਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ’ਤੇ ਥਾਣਾ ਝਬਾਲ ਦੀ ਪੁਲਸ ਮੌਕੇ ’ਤੇ ਪਹੁੰਚ ਕੇ ਟਕਰਾਅ ਨੂੰ ਟਾਲਣ ਦੇ ਨਾਲ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦਿਆਂ ਗੱਗੋਬੂਹਾ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਪਰਮਜੀਤ ਸਿੰਘ ਨੇ ਆਪਣੇ ਹਮਾਇਤੀਆਂ ਦੀ ਹਾਜ਼ਰੀ ’ਚ ਦੱਸਿਆ ਕਿ ਉਨ੍ਹਾਂ ਨੇ ਪੰਚਾਇਤ ਵੱਲੋਂ ਪਿੰਡ ’ਚ ਗੋਬਰ ਗੈਸ ਪਲਾਂਟ ਬਣਾਇਆ ਸੀ, ਜਿਸ ਨੂੰ ਸਰਕਾਰ ਬਦਲ ਜਾਣ ਤੋਂ ਬਾਅਦ ਕਾਂਗਰਸੀਆਂ ਨੇ ਜਾਣਬੁਝ ਕੇ ਰੁਕਵਾ ਦਿੱਤਾ ਸੀ ਅਤੇ ਹੁਣ ਪੰਚਾਇਤੀ ਗ੍ਰਾਂਟ ਨਾਲ ਬਣੇ ਗੋਬਰ ਗੈਸ ਪਲਾਂਟ ਤੋਂ ਜਾਣਬੁਝ ਕੇ ਕੰਕਰੀਟ ਦੀਆਂ ਸਿੱਲਾਂ ਚੁੱਕ ਕੇ ਲਿਜਾ ਰਹੇ ਹਨ ਤਾਂ ਕਿ ਗ੍ਰਾਂਟ ਖੁਰਦ-ਬੁਰਦ ਦਾ ਇਲਜ਼ਾਮ ਲਾ ਸਕਣ, ਜਦਕਿ ਦੂਜੇ ਪਾਸੇ ਪਿੰਡ ਦੇ ਸੀਨੀ. ਕਾਂਗਰਸੀ ਆਗੂ ਹਰਜੀਤ ਸਿੰਘ ਗੱਗੋਬੂਹਾ ਨੇ ਸਾਬਕਾ ਸਰਪੰਚ ਪਰਮਜੀਤ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਝੂਠ ਦੱਸਦਿਆਂ ਕਿਹਾ ਕਿ ਅਸੀਂ ਕੋਈ ਗੋਬਰ ਗੈਸ ਦੀਆਂ ਸਿਲਾਂ ਨਹੀਂ ਚੁੱਕੀਆਂ। ਬਲਕਿ ਕੁਝ ਘਰਾਂ ਵਾਲਿਆਂ ਦੇ ਉਥੋਂ ਚੁੱਕ ਕੇ ਸਰਕਾਰੀ ਗਲੀਆਂ ’ਚ ਨਾਲੀਆਂ ਉੱਪਰ ਹੀ ਰੱਖੀਆਂ ਹਨ ਤਾਂ ਕਿ ਲੰਘਣ ਲਈ ਰਸਤਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ’ਚ ਆਈਆਂ ਕਰੋਡ਼ਾਂ ਰੁਪਏ ਦੀਆਂ ਗ੍ਰਾਂਟਾਂ ਦੀ ਇਨਕੁਆਇਰੀ ਲਾਈ ਹੈ, ਜਿਸ ਕਰ ਕੇ ਸਾਡੇ ’ਤੇ ਇਲਜ਼ਾਮ ਲਾਏ ਜਾ ਰਹੇ ਹਨ। ਇਸ ਨੂੰ ਲੈ ਕੇ ਪਿੰਡ ’ਚ ਮਾਹੌਲ ਟਕਰਾਅ ਵਾਲਾ ਬਣਿਆ ਹੋਇਅਾ ਹੈ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਡੀ. ਐੱਸ. ਪੀ. ਗੁਰਿੰਦਰਬੀਰ ਸਿੰਘ ਸੰਧੂ, ਥਾਣਾ ਮੁਖੀ ਗੁਰਚਰਨ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਡੀ. ਐੱਸ. ਪੀ. ਸੰਧੂ ਨੇ ਕਿਹਾ ਕਿ ਪੁਲਸ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ, ਕਿਸੇ ਨੂੰ ਕਾਨੂੰਨ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ। ਡੀ. ਐੱਸ. ਪੀ. ਅਨੁਸਾਰ ਸਾਰੇ ਮਸਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।