ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਸਿੱਖ ਜਥੇਬੰਦੀਆਂ ਨੇ ਗੋਲਡਨ ਗੇਟ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢਿਆ ਮਾਰਚ

08/14/2022 5:04:54 PM

ਅੰਮ੍ਰਿਤਸਰ (ਅਨਜਾਣ) : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੱਥਾ ਸਿਰਲੱਥ ਖਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਗੋਲਡਨ ਗੇਟ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕਾਰਾਂ, ਮੋਟਰ ਸਾਈਕਲਾਂ ਤੇ ਸਕੂਟਰਾਂ ਤੇ ਖਾਲਸਈ ਨਿਸ਼ਾਨ ਸਾਹਿਬ ਲਹਿਰਾ ਕੇ ਮਾਰਚ ਕੱਢਿਆ। ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਤਕਰੀਬਨ ਇਕ ਘੰਟੇ ਤੱਕ ਮੁਜ਼ਾਹਰਾ ਕੀਤਾ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ: ਬਲਜਿੰਦਰ ਸਿੰਘ ਮੁੱਖ ਬੁਲਾਰਾ ਹਵਾਰਾ ਕਮੇਟੀ, ਭਾਈ ਰਣਜੀਤ ਸਿੰਘ ਮੁਖੀ ਦਮਦਮੀ ਟਕਸਾਲ, ਭਾਈ ਦਿਲਬਾਗ ਸਿੰਘ ਖਾਲਸਾ ਮੁਖੀ ਜੱਥਾ ਸਿਰਲੱਥ ਖਾਲਸਾ, ਹਰਬੀਰ ਸਿੰਘ ਸੰਧੂ ਪ੍ਰੈੱਸ ਸਕੱਤਰ, ਬਲਵਿੰਦਰ ਸਿੰਘ ਕਾਲਾ ਤੇ ਅਮਰੀਕ ਸਿੰਘ ਨੰਗਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਕੇਂਦਰ ਸਰਕਾਰ ਵੱਲੋਂ ਘਰ-ਘਰ ਤਿਰੰਗਾ ਲਹਿਰਾਉਣ ਲਈ ਹੌਕਾ ਦਿੱਤਾ ਗਿਆ ਹੈ। ਸਾਨੂੰ ਤਿਰੰਗੇ ਤੇ ਕੋਈ ਇਤਰਾਜ਼ ਨਹੀਂ। 

ਪੜ੍ਹੋ ਇਹ ਵੀ ਖ਼ਬਰ: ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼

ਉਨ੍ਹਾਂ ਕਿਹਾ ਕਿ ਤਿਰੰਗੇ ਵਿੱਚ 90 ਫੀਸਦੀ ਕੁਰਬਾਨੀਆਂ ਸਿੱਖਾਂ ਦੀਆਂ ਹੀ ਹਨ ਪਰ ਸਾਡੇ ਨਾਲ ਅੱਜ ਸਿਆਸਤਾਂ ਕੀਤੀਆਂ ਜਾਂਦੀਆਂ ਨੇ ਤੇ ਆਜ਼ਾਦੀ ਸਮੇਂ ਵੀ ਕੀਤੀਆਂ ਗਈਆਂ ਸਨ। 1984 ‘ਚ ਸ੍ਰੀ ਦਰਬਾਰ ਸਾਹਿਬ ਤੇ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਦਿੱਲੀ ‘ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸਾਡੀਆਂ ਦੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਗਏ, ਸਾਡੇ ਬਜ਼ੁਰਗਾਂ ਨੂੰ ਗਲਾਂ ‘ਚ ਟਾਇਰ ਪਾ ਕੇ ਸਾੜਿਆ ਗਿਆ। ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਘਰਾਂ ‘ਚੋਂ ਬਾਹਰ ਕੱਢ ਕੇ ਕਤਲ ਕੀਤਾ ਗਿਆ, ਸਾਡੀਆਂ ਮਾਵਾਂ-ਭੈਣਾਂ ਦੀਆਂ ਕੁੱਖਾਂ ਵਿੱਚ ਬੱਚੇ ਮਾਰ ਦਿੱਤੇ ਗਏ। ਬਹਿਬਲ ਕਲਾਂ ਤੇ ਬਰਗਾੜੀ ਕਾਂਡ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ। ਹਾਲੇ ਤੱਕ ਕਿਸੇ ਵੀ ਸਰਕਾਰ ਕੋਲੋਂ ਕੋਈ ਇਨਸਾਫ਼ ਨਾ ਮਿਲਿਆ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ

ਉਨ੍ਹਾਂ ਕਿਹਾ ਕਿ ਸਾਡੇ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਦੱਸ-ਦੱਸ, ਵੀਹ-ਵੀਹ ਸਾਲਾਂ ਤੋਂ ਹਾਲੇ ਵੀ ਉਹ ਜ਼ੇਲ੍ਹਾਂ ‘ਚ ਤਸੀਹੇ ਝੱਲ ਰਹੇ ਨੇ ਰਿਹਾਅ ਨਹੀਂ ਕੀਤੇ। ਇਹ ਕਿੱਧਰ ਦਾ ਇਨਸਾਫ਼ ਹੈ! ਚੰਡੀਗੜ੍ਹ ਪੰਜਾਬ ਤੋਂ ਖੋਹ ਲਿਆ ਗਿਆ, ਸਾਡੇ ਦਰਿਆਵਾਂ ਦਾ ਪਾਣੀ ਖੋਹ ਲਿਆ ਗਿਆ, ਸਾਡੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਮਿਲੀ, ਸਾਡੀਆਂ ਯੂਨੀਵਰਸਿਟੀਆਂ ਕੇਂਦਰ ਦੇ ਨਾਮ ਕਰ ਦਿੱਤੀਆਂ ਗਈਆਂ। ਗੱਲ ਕੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਟੋਟੇ ਟੋਟੇ ਕਰ ਦਿੱਤੇ ਗਏ। ਇਹ ਵਿਤਕਰਾ ਪੰਜਾਬ ਨਾਲ ਹੀ ਕਿਉਂ? ਸਾਡੇ ਕਕਾਰਾਂ ‘ਤੇ ਸਵਾਲ ਕੀਤੇ ਜਾਂਦੇ ਨੇ। ਸਾਡੇ ਹੱਕ ਮਾਰੇ ਜਾਂਦੇ ਨੇ। ਸਾਨੂੰ ਇਨਸਾਫ਼ ਲਈ ਆਵਾਜ਼ ਉਠਾਉਣ ‘ਤੇ ਅੱਤਵਾਦੀਆਂ ਦਾ ਖਿਤਾਬ ਦਿੱਤਾ ਜਾਂਦਾ ਹੈ ਤੇ ਟਾਡਾ ਵਰਗੇ ਕਾਨੂੰਨਾਂ ਸਾਡੇ ‘ਤੇ ਥੱਪ ਦਿੱਤੇ ਜਾਂਦੇ ਨੇ। ਸਾਨੂੰ ਫਿਰਕਾਪ੍ਰਸਤੀ ਤੇ ਨਫ਼ਰਤ ਦੀ ਅੱਗ ‘ਚ ਧਕੇਲਿਆ ਜਾ ਰਿਹਾ ਹੈ। ਸਾਨੂੰ ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ, ਅਕਾਲੀ ਜਾਂ ਆਮ ਆਦਮੀ ਪਾਰਟੀ ਹੋਵੇ ਕਿਸੇ ਨੇ ਇਨਸਾਫ਼ ਨਹੀਂ ਦਿੱਤਾ। 

ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ

ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਤੇ ਪੰਜਾਬ ‘ਚ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਦੀਆਂ ਤਾਰਾਂ ਦਿੱਲੀ ਤੱਕ ਮਿਲੀਆਂ ਹੋਈਆਂ ਨੇ, ਇਸ ਲਈ ਕਿਸੇ ਤੋਂ ਵੀ ਇਨਸਾਫ਼ ਦੀ ਉਮੀਦ ਨਹੀਂ। ਖਾਲਸਈ ਨਿਸ਼ਾਨਾ ਦਾ ਝੁਲਾਉਣਾ ਦਿੱਲੀ ਤੇ ਪੰਜਾਬ ਦੀਆਂ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਇੱਕ ਹਲੂਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸਿੱਖਾਂ ਨੂੰ ਆਪਣਾ ਇਨਸਾਫ਼ ਆਪ ਲੈਣਾ ਆਉਂਦਾ ਹੈ। ਅਖੀਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਉਪਰੰਤ ਮਾਰਚ ਦੀ ਸਮਾਪਤੀ ਹੋਈ। 

rajwinder kaur

This news is Content Editor rajwinder kaur