ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਕੀਤੀ ਨਾਅਰੇਬਾਜ਼ੀ

06/20/2020 2:05:09 AM

ਗੁਰਦਾਸਪੁਰ,(ਹਰਮਨ)-ਕਿਸਾਨਾਂ ਦੇ ਗੰਭੀਰ ਮਸਲਿਆਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਅੱਜ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਵਫਦ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਵੱਲੋਂ ਸੁਖਦੇਵ ਸਿੰਘ ਗੁਰਾਇਆ, ਕਪੂਰ ਸਿੰਘ ਘੁੰਮਣ ਅਤੇ ਰਮਣੀਕ ਸਿੰਘ ਹੁੰਦਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅਜੀਤ ਸਿੰਘ ਭਰਥ ਤੇ ਰਾਜਵਿੰਦਰ ਸਿੰਘ ਢੱਪਈ, ਕਿਰਤੀ ਕਿਸਾਨ ਯੂਨੀਅਨ ਵੱਲੋਂ ਸਤਬੀਰ ਸਿੰਘ ਸੁਲਤਾਨੀ ਤੇ ਚੰਨਣ ਸਿੰਘ ਦੋਰਾਂਗਲਾ, ਕੁਲ ਹਿੰਦ ਕਿਸਾਨ ਸਭਾ (ਸਾਂਬਰ) ਵੱਲੋਂ ਬਲਬੀਰ ਸਿੰਘ ਤੇ ਜਸਬੀਰ ਸਿੰਘ ਕੱਤੋਵਾਲ, ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਉੱਚਾ ਧਕਾਲਾ ਤੇ ਬਲਬੀਰ ਸਿੰਘ ਰੰਧਾਵਾ ਅਤੇ ਕੁਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਵੱਲੋਂ ਕਾਮਰੇਡ ਅਵਤਾਰ ਸਿੰਘ ਕਿਰਤੀ ਆਦਿ ਆਗੂ ਮੌਜੂਦ ਸਨ।

ਆਗੂਆਂ ਨੇ ਮੰਗ ਕੀਤੀ ਕਿ ਪਿਛਲੇ ਸਾਲ ਬੇਮੌਸਮੀ ਬਰਸਾਤਾਂ ਨਾਲ ਤਬਾਹ ਹੋਈਆਂ ਕਣਕਾਂ ਤੇ ਹੋਰ ਫਸਲਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ ਢਾਈ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ੇ ਮੁਆਫ ਕਰਨ ਦੀ ਯੋਜਨਾ ਤੋਂ ਬਾਹਰ ਰਹਿ ਗਏ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਨੂੰ ਵੇਚੇ ਗਏ ਗੰਨੇ ਦੇ ਪੈਸੇ ਫੌਰੀ ਤੌਰ 'ਤੇ ਦਿੱਤੇ ਜਾਣ ਅਤੇ ਝੋਨੇ ਦੇ ਚਲ ਰਹੇ ਸੀਜ਼ਨ ਦੌਰਾਨ ਖੇਤੀ ਟਿਊਬਵੈੱਲਾਂ ਲਈ 16 ਘੰਟੇ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਇਸ ਸਮੇਂ ਉਪਰੋਕਤ ਆਗੂਆਂ ਤੋਂ ਇਲਾਵਾ ਮੱਖਣ ਸਿੰਘ ਹਾਰਨੀਆ, ਫੌਜਾ ਸਿੰਘ, ਪ੍ਰੀਤਮ ਸਿੰਘ, ਪਲਵਿੰਦਰ ਸਿੰਘ ਆਦਿ ਆਗੂ ਵੀ ਸ਼ਾਮਲ ਸਨ। ਆਗੂਆਂ ਨੇ ਏ. ਡੀ. ਸੀ. ਨਾਲ ਮੁਲਾਕਾਤ ਉਪਰੰਤ ਗੁਰੂ ਨਾਨਕ ਪਾਰਕ 'ਚ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਕਿਸਾਨ ਮੰਗਾਂ ਦਾ ਤਸੱਲੀਬਖਸ਼ ਹੱਲ ਨਹੀਂ ਕੱਢਿਆ ਜਾਂਦਾ ਤਾਂ ਡੀ. ਸੀ. ਦਫਤਰ ਦੇ ਸਾਹਮਣੇ ਧਰਨਾ ਲਾਇਆ ਜਾਵੇ।

 

Deepak Kumar

This news is Content Editor Deepak Kumar