ਚਿਕਨ ਸ਼ਾਪ ’ਤੇ ਐਕਸਾਈਜ਼ ਵਿਭਾਗ ਨੇ ਮਾਰਿਆ ਛਾਪਾ, ਮਾਲਕ ਸ਼ਰਾਬ ਸਣੇ ਕਾਬੂ

04/19/2021 12:45:20 PM

ਅੰਮ੍ਰਿਤਸਰ (ਇੰਦਰਜੀਤ/ਅਨਿਲ)-ਆਬਕਾਰੀ ਵਿਭਾਗ ਨੇ ਇਕ ਵੱਡੀ ਕਾਰਵਾਈ ’ਚ ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਸਥਿਤ ਏ-ਵਨ ਚਿਕਨ ਸ਼ਾਪ ’ਤੇ ਸ਼ਨੀਵਾਰ ਦੀ ਸ਼ਾਮ 7.30 ਵਜੇ ਦੇ ਕਰੀਬ ਅਚਾਨਕ ਛਾਪੇਮਾਰੀ ਕੀਤੀ। ਪੁਲਸ ਅਤੇ ਆਬਕਾਰੀ ਵਿਭਾਗ ਦੀ ਇਸ ਕਾਰਵਾਈ ਨਾਲ ਪੂਰੇ ਇਲਾਕੇ ’ਚ ਹਲਚਲ ਪੈਦਾ ਹੋ ਗਈ। ਵਿਭਾਗੀ ਕਾਰਵਾਈ ’ਚ ਚਿਕਨ ਸ਼ਾਪ ਦੇ ਮਾਲਕ ਦੇ ਬੇਟੇ ਬਲਵਿੰਦਰ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।

ਜਾਣਕਾਰੀ ਮੁਤਾਬਕ ਬਟਾਲਾ ਰੋਡ ’ਤੇ ਏ-ਵਨ ਚਿਕਨ ਸ਼ਾਪ ਨਾਮੀ ਇਕ ਦੁਕਾਨ ਹੈ, ਜੋ ਥਾਣਾ ਵਿਜੇ ਨਗਰ ਦੇ ਬਿਲਕੁਲ ਨਜ਼ਦੀਕ ਹੈ। ਜ਼ਿਲ੍ਹਾ ਆਬਕਾਰੀ ਅਧਿਕਾਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਇੱਥੇ ਨਾਜਾਇਜ਼ ਸ਼ਰਾਬ ਦੀਆਂ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਦੁਕਾਨ ਵਾਲੇ ਨਾਜਾਇਜ਼ ਤੌਰ ’ਤੇ ਲੋਕਾਂ ਨੂੰ ਸ਼ਰਾਬ ਪਿਲਾਉਂਦੇ ਤੇ ਵੇਚਦੇ ਹਨ । ਇੱਥੇ ਕਾਰਵਾਈ ਕਰਨ ਲਈ ਜ਼ਿਲਾ ਆਬਕਾਰੀ ਅਧਿਕਾਰੀ-2 ਸੁਖਜੀਤ ਸਿੰਘ ਦੇ ਹੁਕਮਾਂ ’ਤੇ ਇੰਸਪੈਕਟਰ ਧਰਮਿੰਦਰ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ। ਸ਼ਨੀਵਾਰ ਸ਼ਾਮ ਨੂੰ ਕੀਤੀ ਗਈ ਕਾਰਵਾਈ ’ਚ ਆਬਕਾਰੀ ਵਿਭਾਗ ਨੇ 1 ਦਰਜਨ ਤੋਂ ਜ਼ਿਆਦਾ ਬੋਤਲਾਂ ਵ੍ਹਿਸਕੀ ਬਰਾਮਦ ਕੀਤੀਆਂ ਅਤੇ ਮਾਲਕ ਬਲਵਿੰਦਰ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਇੰਸਪੈਕਟਰ ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਿਕਨ ਸ਼ਾਪ ਦੇ ਮਾਲਕ ਖਿਲਾਫ ਆਬਕਾਰੀ ਐਕਟ ਅਨੁਸਾਰ ਥਾਣਾ ਰਾਮਬਾਗ ’ਚ ਕੇਸ ਦਰਜ ਕਰ ਲਿਆ ਗਿਆ ਹੈ । ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਟਾਲਾ ਰੋਡ ਸਥਿਤ ਕਈ ਅਜਿਹੀਆਂ ਦੁਕਾਨਾਂ ਹਨ, ਜਿਥੇ ਨਾਜਾਇਜ਼ ਤੌਰ ’ਤੇ ਸ਼ਰਾਬ ਪਿਲਾਈ ਜਾਂਦੀ ਹੈ। ਆਉਣ ਵਾਲੇ ਸਮੇਂ ’ਚ ਬਟਾਲਾ ਰੋਡ ’ਤੇ ਹੋਰ ਵੀ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News