ਮਨਰੇਗਾ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪੰਚਾਇਤ ਮੰਤਰੀ ਨੂੰ ਭੇਜਿਆ ਮੰਗ ਪੱਤਰ

05/13/2020 5:25:38 PM

ਵਲਟੋਹਾ (ਗੁਰਮੀਤ ਸਿੰਘ): ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਮ 'ਤੇ ਬੀ.ਡੀ.ਪੀ.ਓ. ਵਲਟੋਹਾ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ 'ਚ ਕਰਮਚਾਰੀ ਯੂਨੀਅਨ ਨੇ ਦੱਸਿਆ ਕਿ ਕੋਵਿਡ-19 ਦੀ ਮਾਰ ਦੇ ਚੱਲਦਿਆਂ ਜਿੱਥੇ ਪੂਰੇ ਦੇਸ਼ ਦੇ ਮਜ਼ਦੂਰ ਕੰਮ ਤੋਂ ਵਿਹਲੇ ਬੈਠੇ ਹੋਏ ਹਨ ਉਥੇ ਪੰਜਾਬ ਵਿਚ ਮਨਰੇਗਾ ਮੁਲਾਜਮਾਂ ਵਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿਚ ਪਾ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਦਾਅਵੇ ਨਾਲ ਕਿਹਾ ਜਾ ਰਿਹਾ ਹੈ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਦਿੱਤਾ ਹੈ ਪਰ ਇਹ ਰੁਜ਼ਗਾਰ ਦਿੱਤਾ ਕਿੰਨਾਂ ਮੁਲਾਜ਼ਮਾਂ ਰਾਹੀਂ ਜਾ ਰਿਹਾ ਹੈ ਇਸ ਦਾ ਕਿਤੇ ਜ਼ਿਕਰ ਤੱਕ ਵੀ ਨਹੀਂ ਹੈ।

ਦੂਸਰੇ ਪਾਸੇ ਵਿਭਾਗ ਦੇ ਬਹੁਤੇ ਰੈਗੂਲਰ ਮੁਲਾਜ਼ਮ/ਅਫਸਰ ਹਰ ਕੰਮ ਨਰੇਗਾ ਮੁਲਾਜ਼ਮਾਂ ਤੋਂ ਕਰਵਾਉਣ ਦਾ ਬਹਾਨਾਂ ਲਗਾ ਕੇ ਲਗਾਤਾਰ ਗੈਰ-ਹਾਜ਼ਰ ਚੱਲ ਰਹੇ ਹਨ। ਜਿਸ ਕਰਕੇ ਨਰੇਗਾ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਏਕਾਂਤਵਾਸ ਕਰਨਾ ਹੋਵੇ, ਉਨ੍ਹਾਂ ਦੇ ਰੋਟੀ ਪਾਣੀ ਅਤੇ ਸੌਣ ਦਾ ਪ੍ਰਬੰਧ, ਨਰੇਗਾ ਮਜ਼ਦੂਰਾਂ ਨੂੰ ਸੈਨੀਟਾਈਜ਼ਰ, ਮਾਸਕ, ਸਮਾਜਿਕ ਦੂਰੀ ਦਾ ਪਾਲਣ ਕਰਵਾਉਣਾ ਹੋਵੇ, ਰਾਸ਼ਨ ਵੰਡਣਾ ਹੋਵੇ ਜਾਂ ਅਜਿਹੇ ਹੋਰ ਕਈ ਤਰ੍ਹਾਂ ਦੇ ਕੰਮ ਮਨਰੇਗਾ ਮੁਲਾਜ਼ਮ ਫਰੰਟ ਲਾਈਨ 'ਤੇ ਕਰਵਾ ਰਹੇ ਹਨ ਪਰ ਸਰਕਾਰ ਲਗਾਤਾਰ ਮਨਰੇਗਾ ਕਰਮਚਾਰੀਆਂ ਦੀਆਂ ਹੱਕੀਂ ਅਤੇ ਜਾਇਜ਼ ਮੰਗਾਂ ਨੂੰ ਅਣਗੋਲਿਆਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।


Shyna

Content Editor

Related News