ਲੱਖਾਂ ਰੁਪਏ ਦਾ ਬਿਜਲੀ ਬਿੱਲ ਨਾ ਅਦਾ ਕਰਨ ''ਤੇ ਸੇਵਾ ਕੇਂਦਰਾਂ ਦੀ ਬੱਤੀ ਗੁੱਲ

04/25/2018 10:57:22 AM

ਵੈਰੋਵਾਲ (ਗਿੱਲ) : ਬਲਾਕ ਖਡੂਰ ਸਾਹਿਬ ਅਧੀਨ ਆਉਂਦੇ 5 ਤੋਂ 10 ਪਿੰਡਾਂ ਦੇ ਲੋਕਾਂ ਲਈ ਅਕਾਲੀ ਸਰਕਾਰ ਵੇਲੇ ਇਕ–ਇਕ ਸੇਵਾ ਕੇਂਦਰ ਖੋਲ੍ਹਿਆ ਗਿਆ ਸੀ। ਪੰਜਾਬ 'ਚ ਜਦੋਂ ਕਾਂਗਰਸ ਸਰਕਾਰ ਆਈ ਹੈ, ਉਸ ਨੇ ਪਿਛਲੀ ਸਰਕਾਰ ਦੇ ਸਾਰੇ ਫੈਸਲੇ ਨਕਾਰਨੇ ਸ਼ੁਰੂ ਕਰ ਦਿੱਤੇ, ਜਿਸ ਤਹਿਤ ਸੇਵਾ ਕੇਂਦਰ ਬੰਦ ਕਰਨ ਦੀ ਗੱਲ ਵੀ ਕਹੀ ਗਈ ਸੀ। ਭਾਵੇਂ ਕਿ ਖਡੂਰ ਸਾਹਿਬ ਜਿੱਥੇ ਸਬ-ਡਵੀਜ਼ਨ ਤੇ ਕਈ ਹੋਰ ਵੱਡੇ ਸਰਕਾਰੀ ਤੇ ਗੈਰ- ਸਰਕਾਰੀ ਅਦਾਰੇ ਮੌਜੂਦ ਹਨ ਪਰ ਸਰਕਾਰ ਵੱਲੋਂ ਇੱਥੇ ਸੇਵਾ ਕੇਂਦਰ ਨਾ ਖੋਲ੍ਹ ਕੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਤੁਗਲਕੀ ਸੋਚ ਤੇ ਲਾਪ੍ਰਵਾਹੀ ਦਾ ਵੱਡਾ ਸਬੂਤ ਦਿੱਤਾ ਸੀ। ਜੋ ਸੇਵਾ ਕੇਂਦਰ ਤਹਿਸੀਲ ਖਡੂਰ ਸਾਹਿਬ ਦੇ ਪਿੰਡਾਂ 'ਚ ਖੋਲ੍ਹੇ ਗਏ ਸਨ, ਉਨ੍ਹਾਂ 'ਚੋਂ ਵੀ ਬਹੁਤ ਸਾਰਿਆਂ ਦੀ ਬਿਜਲੀ ਕੱਟੀ ਜਾਣ ਕਰ ਕੇ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ 'ਚੋਂ ਪਿੰਡਾਂ ਨਾਗੋਕੇ, ਦਾਰਾਪੁਰ (ਵੈਰੋਵਾਲ), ਤਖਤੂਚੱਕ, ਜਲਾਲਾਬਾਦ, ਅਨਾਇਤਪੁਰ (ਭਲੋਜਲਾ) ਆਦਿ ਸੇਵਾ ਕੇਂਦਰ ਮੌਜੂਦ ਹਨ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ।
ਇਸ ਸਬੰਧੀ ਜਦੋਂ ਸੇਵਾ ਕੇਂਦਰਾਂ 'ਚੋਂ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਪਤਾ ਲੱਗਾ ਕਿ ਨਾਗੋਕੇ ਸੇਵਾ ਕੇਂਦਰ ਦਾ 37750 ਰੁਪਏ, ਦਾਰਾਪੁਰ (ਵੈਰੋਵਾਲ) ਸੇਵਾ ਕੇਂਦਰ ਦਾ 33500 ਰੁਪਏ, ਤਖਤੂਚੱਕ ਸੇਵਾ ਕੇਂਦਰ ਦਾ 80330 ਰੁਪਏ, ਜਲਾਲਾਬਾਦ ਸੇਵਾ ਕੇਂਦਰ ਦਾ 31290 ਰੁਪਏ ਤੇ ਅਨਾਇਤਪੁਰ (ਭਲੋਜਲਾ) ਸੇਵਾ ਕੇਂਦਰ ਦਾ 22000 ਰੁਪਏ ਦੇ ਲਗਭਗ ਬਿਜਲੀ ਦਾ ਬਿੱਲ ਬਕਾਇਆ ਹੈ, ਜਿਸ ਕਾਰਨ ਵਿਭਾਗ ਵੱਲੋਂ ਇਨ੍ਹਾਂ ਕੇਂਦਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਸਬੰਧੀ ਸੇਵਾ ਕੇਦਰਾਂ ਦੇ ਮੁਲਾਜ਼ਮਾਂ ਤੋਂ ਪੱਤਾ ਲੱਗਾ ਕਿ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਕੇਂਦਰਾਂ ਨੂੰ ਕੋਈ ਫੰਡ ਨਹੀਂ ਭੇਜਿਆ ਗਿਆ ਤੇ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ ਹਨ। 
ਇਸ ਸਬੰਧੀ ਨਾਗੋਕੇ ਸੇਵਾ ਕੇਂਦਰ ਦੇ ਮੁਲਾਜ਼ਮ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਲ ਦਸ ਹਜ਼ਾਰ ਰੁਪਏ ਦੇ ਤਨਖਾਹ ਮਿਲਦੀ ਸੀ, ਜੋ ਪਿਛਲੇ ਕਈ ਮਹੀਨਿਆਂ ਤੋਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਘਰ ਦਾ ਖਰਚ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਸੇਵਾ ਕੇਂਦਰਾਂ ਦੀ ਬਿਜਲੀ ਬਹਾਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਜਾਂ ਫਿਰ ਸੇਵਾ ਕੇਂਦਰਾਂ 'ਚ ਫਾਰਮ ਜਮ੍ਹਾ ਕਰਵਾਉਣ ਤੇ ਦਰਜ ਕਰਵਾਉਣ ਦੀ ਸ਼ਰਤ ਖਤਮ ਕਰ ਕੇ ਇਨ੍ਹਾਂ ਸਾਰੇ ਸੇਵਾ ਕੇਂਦਰਾਂ ਨੂੰ ਹਮੇਸ਼ਾ ਲਈ ਬੰਦ ਹੀ ਕਰ ਦਿੱਤਾ ਜਾਵੇ। ਇਸ ਮੌਕੇ ਸੇਵਾ ਕੇਂਦਰ ਚਲਾ ਰਹੀ ਕੰਪਨੀ ਡੀ. ਐੱਲ. ਐੱਸ. ਦੇ ਜ਼ਿਲਾ ਮੈਨੇਜਰ ਪੁਸ਼ਪਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਵਾਰ-ਵਾਰ ਫੋਨ ਲਾਉਣ 'ਤੇ ਵੀ ਫੋਨ ਨਹੀਂ ਚੁੱਕਿਆ।


Related News