ਬਜ਼ੁਰਗ ਜੋੜੇ ਤੋਂ 7 ਹਜ਼ਾਰ ਦੀ ਨਕਦੀ ਲੁੱਟੀ
Monday, May 07, 2018 - 11:38 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਪਿੰਡ ਕਲਸ-ਬੁਰਜ ਦੇ ਵਾਸੀ ਬਜ਼ੁਰਗ ਸਰੂਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰੇ ਜਦੋਂ ਅਸੀਂ ਦੋਵੇਂ ਪਤੀ ਪਤਨੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਡਾ ਝਬਾਲ ਵਿਖੇ ਪੁੱਜੇ ਤਾਂ ਅਟਾਰੀ ਰੋਡ ਸਥਿਤ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਸਾਡੇ ਕੋਲ ਆ ਕੇ ਰੁਕੇ। ਇਕ ਨੌਜਵਾਨ ਨੇ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਮੈਨੂੰ ਜੱਫੀ ਪਾ ਲਈ ਤੇ ਬੋਲਿਆ, 'ਓ.. ਬੱਲੇ ਤਾਇਆ ਪਛਾਣਿਆਂ ਨੀਂ, ਆਪਾਂ ਇਕੱਠਿਆਂ ਵਿਆਹ 'ਚ ਪੀਤੀ ਸੀ'।
ਬਜ਼ੁਰਗ ਨੇ ਦੱਸਿਆ ਕਿ ਅਜਿਹੀਆਂ ਗੱਲਾਂ ਕਰਦੇ ਉਕਤ ਨੌਜਵਾਨ 'ਫਿਰ ਮਿਲਾਂਗੇ' ਦਾ ਕਹਿ ਕੇ ਚਲੇ ਗਏ। ਇਸ ਉਪਰੰਤ ਜਦੋਂ ਕੱਪੜੇ ਵਾਲੀ ਦੁਕਾਨ 'ਤੇ ਜਾ ਕੇ ਮੈਂ ਪੈਸੇ ਦੇਣ ਲਈ ਕਮੀਜ਼ ਦੀ ਉਪਰਲੀ ਜੇਬ 'ਚ ਹੱਥ ਪਾਇਆ ਤਾਂ ਮੇਰੀ ਜੇਬ 'ਚੋਂ ਪਰਸ ਗਾਇਬ ਹੋ ਚੁੱਕਾ ਸੀ। ਪਰਸ 'ਚ 7 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਆਧਾਰ ਕਾਰਡ, ਵੋਟਰ ਕਾਰਡ, ਲਾਇਸੈਂਸ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਪੀੜਤ ਵੱਲੋਂ ਇਸ ਸਬੰਧੀ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।