ਖੁਸ਼ਕ ਮੌਸਮ ਅਤੇ ਗਰਮ ਲੂ ਕਾਰਨ ਪ੍ਰਭਾਵਿਤ ਹੋ ਰਹੀ ਹੈ ਲੋਕਾਂ ਦੀ ਸਿਹਤ, ਇੰਝ ਕਰੋ ਬਚਾਅ

05/02/2022 5:10:49 PM

ਗੁਰਦਾਸਪੁਰ (ਜੀਤ ਮਠਾਰੂ) - ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਇਸ ਦੇ ਚਲਦਿਆਂ ਲੋਕ ਗਰਮੀ ਨਾਲ ਤਰਾਹ ਤਰਾਹ ਕਰ ਰਹੇ ਹਨ ਅਤੇ ਕਈ ਲੋਕ ਬੀਮਾਰ ਵੀ ਹੋ ਰਹੇ ਹਨ। ਇਸ ਕਾਰਨ ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਅਤੇ ਲੂ ਲਗਣ ਤੋਂ ਬਚਾਅ ਕਰਨ ਸਬੰਧੀ ਐਡਵਾਈਜਰੀ ਜਾਰੀ ਕੀਤੀ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲੋਕ ਆਪਣੇ ਆਪ ਨੂੰ ਗਰਮ ਲੂ ਤੋਂ ਬਚਾਉਣ ਲਈ ਤਰਲ ਪਦਾਰਥ, ਲੱਸੀ, ਪਾਣੀ, ਨਿੰਬੂ ਆਦਿ ਦਾ ਵੱਧ ਤੋ ਵੱਧ ਸੇਵਨ ਕਰਨ। 

ਉਨ੍ਹਾਂ ਨੇ ਕਿਹਾ ਕਿ ਇਸ ਮੌਸਮ ’ਚ ਕੋਲਡ ਡਰਿੰਕ ਬਿਲਕੁਲ ਨਹੀਂ ਪੀਣੇ ਚਾਹੀਦੇ। ਤਿੱਖੀ ਧੁੱਪ ਤੋਂ ਬਚਣ ਲਈ ਦੁਪਿਹਰ ਵੇਲੇ 12 ਤੋਂ 4 ਵਜੇ ਤੱਕ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲਿਆ ਜਾਵੇ। ਜੇਕਰ ਦੁਪਹਿਰ ਵੇਲੇ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਜਾਂਦਾ ਹੈ ਤਾਂ ਕੁੱਝ ਸਮਾਂ ਠੰਡੀ ਥਾਂ ਜਾਂ ਰੁੱਖ ਹੇਠਾਂ ਬੈਠਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਗਰਮੀ ਦੇ ਦਿਨਾਂ ਦੌਰਾਨ ਹਲਕੇ ਰੰਗ ਦੇ ਕਪੜੇ ਪਾਏ ਜਾਣ। ਉਨ੍ਹਾਂ ਦੱਸਿਆ ਕਿ 5 ਸਾਲ ਤੋ ਛੋਟੇ ਬੱਚੇ, ਬਜੁਰਗਾਂ ਤੇ ਗਰਭਵਤੀ ਜਨਾਨੀਆਂ ਨੂੰ ਗਰਮੀ ਲਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। 

ਗਰਮੀਆਂ ਦੌਰਾਨ ਲੂ ਲਗਣ ਨਾਲ ਸਰੀਰ 'ਤੇ ਪਿੱਤ ਨਿਕਲਦੀ ਹੈ। ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤ ਪਸੀਨਾ ਆਉਂਦਾ ਹੈ, ਥਕਾਨ ਹੁੰਦੀ ਹੈ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖੁਸ਼ਕ ਹੋਣਾ ਆਦਿ ਵਰਗੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰੀ ਗਰਮੀ ਲਗਣ ਨਾਲ ਮਾਸਪੇਸ਼ੀਆਂ ਵਿਚ ਕਮਜ਼ੋਰੀ ਆ ਜਾਂਦੀ ਹੈ। ਲੂ ਲੱਗਣ ਨਾਲ ਅੱਖਾਂ ਅੱਗੇ ਹਨੇਰਾ ਆਉਂਦਾ ਹੈ, ਚੱਕਰ ਆਉਣਾ, ਤੇਜ਼ ਬੁਖ਼ਾਰ ਆਦਿ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੜਕਦੀ ਧੁੱਪ 'ਚ ਫਿਰਨ ਤੋਂ ਗੁਰੇਜ ਕੀਤਾ ਜਾਵੇ ਅਤੇ ਐਮਰਜੈਂਸੀ ਵੇਲੇ ਨਜਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਚੈਕਅੱਪ ਕਰਵਾਇਆ ਜਾਵੇ।
 


rajwinder kaur

Content Editor

Related News