ਨਸ਼ਾ ਸਮੱਗਲਰਾਂ ਖਿਲਾਫ ਮੀਡੀਆ ''ਚ ਬੋਲਣ ਵਾਲਿਆਂ ਦੇ ਪਿੰਡ ਵੜਿੰਗ ਵਿਚ ਲੱਗੇ ਪੋਸਟਰ

06/26/2019 10:57:55 AM

ਖਡੂਰ ਸਾਹਿਬ (ਗਿੱਲ)—ਹਲਕਾ ਬਾਬਾ ਬਕਾਲਾ ਦੇ ਅਧੀਨ ਆਉਂਦੇ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਪਿਛਲੇ ਦਿਨੀਂ ਕੁਝ ਨਸ਼ਾ ਸਮੱਗਲਰਾਂ ਦੇ ਨਾਂ ਲਿਖ ਕੇ ਪੋਸਟਰ ਚਿਪਕਾਏ ਗਏ ਸਨ ਅਤੇ ਜਿਨ੍ਹਾਂ 'ਚ ਕੁਝ ਕਾਂਗਰਸੀ ਆਗੂਆਂ ਦਾ ਵੀ ਨਾਂ ਲਿਖਿਆ ਗਿਆ ਸੀ ਇਸ ਮੁੱਦੇ ਨੂੰ ਮੀਡੀਆ ਵੱਲੋਂ ਵੱਡੇ ਪੱਧਰ 'ਤੇ ਉਠਾਏ ਜਾਣ 'ਤੇ ਐੱਸ.ਐੱਸ.ਪੀ. ਤਰਨਤਾਰਨ ਕੁਲਦੀਪ ਸਿੰਘ ਚਾਹਲ ਦੀਆਂ ਸਖਤ ਹਦਾਇਤਾਂ ਅਨੁਸਾਰ ਸਬੰਧਿਤ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਨਸ਼ਾ ਵੇਚਣ ਵਾਲਿਆਂ ਦੀ ਧੜਪਕੜ ਸ਼ੁਰੂ ਕੀਤੀ ਸੀ ਤੇ ਕੁਝ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਪਰਚੇ ਵੀ ਦਰਜ ਹੋਏ। ਇਸ ਤੋਂ ਬਾਅਦ ਇਕ ਵਾਰ ਫਿਰ ਇਸ ਪਿੰਡ 'ਚ ਪੋਸਟਰ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਵਾਰ ਪੋਸਟਰਾਂ 'ਚ ਨਾਂ ਨਸ਼ਾ ਵੇਚਣ ਵਾਲਿਆਂ ਦਾ ਨਹੀਂ ਸਗੋਂ ਉਨ੍ਹਾਂ ਵਿਅਕਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਹੈ ਜੋ ਸਰਕਾਰ ਅਤੇ ਨਸ਼ੇ ਸਮੱਗਲਰ ਖਿਲਾਫ ਮੀਡੀਆ 'ਚ ਕੈਮਰੇ ਸਾਹਮਣੇ ਆ ਕੇ ਖੁੱਲ੍ਹ ਕੇ ਬੋਲੇ ਸਨ। ਇਸ ਸਬੰਧੀ ਪੱਤਰਕਾਰਾਂ ਵਲੋਂ ਇਨ੍ਹਾਂ ਨਵੇਂ ਪੋਸਟਰਾਂ 'ਚ ਛਪੇ ਨਾਮਾਂ ਵਾਲੇ ਵਿਅਕਤੀਆਂ ਇਕਬਾਲ ਸਿੰਘ, ਮਕਿੰਦਰ ਸਿੰਘ, ਸਰਬਜੀਤ ਸਿੰਘ ਬੰਟੀ, ਕੈਪਟਨ ਕਸ਼ਮੀਰ ਸਿੰਘ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਨਾਂ ਇਨ੍ਹਾਂ ਪੋਸਟਰਾਂ 'ਚ ਲਿਖੇ ਹਨ, ਉਹ ਸਿਰਫ ਉਨ੍ਹਾਂ ਨਸ਼ੇ ਦੇ ਸਮੱਗਲਰਾਂ ਦੀ ਮਾੜੀ ਸੋਚ ਵਾਲੀ ਕਰਤੂਤ ਹੈ, ਕਿਉਂਕਿ ਜੋ ਨਾਂ ਲਿਖੇ ਗਏ ਹਨ, ਉਨ੍ਹਾਂ 'ਚੋਂ ਕੁਝ ਨੌਜਵਾਨ ਤਾਂ ਕਈਆਂ ਸਾਲਾਂ ਤੋਂ ਵਿਦੇਸ਼ਾਂ 'ਚ ਹਨ ਅਤੇ ਕੁਝ ਆਪਣੇ ਕਾਰੋਬਾਰ ਕਰ ਰਹੇ ਹਨ। ਬੀਤੇ ਕੱਲ ਸਾਡੇ ਪਿੰਡ ਵਾਸੀਆਂ ਵਲੋਂ ਇਕ ਨਸ਼ਾ ਵਿਰੋਧੀ 25 ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ ਸੀ, ਜਿਸ ਤੋਂ ਉਪਰੰਤ ਇਨ੍ਹਾਂ ਨਸ਼ੇ ਦੇ ਵਪਾਰੀਆਂ ਨੇ ਆਪਣਾ ਧੰਦਾ ਬੰਦ ਹੁੰਦਾ ਦੇਖ ਇਹ ਘਟੀਆ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਇਹ ਪੋਸਟਰ ਲਾਏ ਹਨ ਸਾਡਾ ਉਨ੍ਹਾਂ ਨੂੰ ਚੈਲਿੰਜ ਹੈ ਕਿ ਉਹ ਸਾਹਮਣੇ ਆਉਣ ਤੇ ਸਾਬਤ ਕਰਨ ਕੌਣ ਨਸ਼ੇ ਦਾ ਵਪਾਰੀ ਹੈ। ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਸਖਤ ਸ਼ਬਦਾਂ 'ਚ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਚਾਹੇ ਸਾਰੇ ਪਿੰਡ ਦੇ ਨਾਂ ਲਿਖ ਕੇ ਪੋਸਟਰ ਚਿਪਕਾ ਦੇਣ, ਹੁਣ ਉਹ ਨਸ਼ੇ ਖਿਲਾਫ ਵਿੱਢੀ ਇਸ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ ਅਤੇ ਪਿੰਡ 'ਚ ਨਸ਼ੇ ਦੀ ਹੋ ਰਹੀ ਵਿੱਕਰੀ ਨੂੰ ਬੰਦ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਲਖਵਿੰਦਰ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ, ਲੱਖਾ ਸਿੰਘ, ਨਿਸ਼ਾਨ ਸਿੰਘ, ਰਤਨ ਸਿੰਘ, ਸਤਨਾਮ ਸਿੰਘ, ਬਲਬੀਰ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ, ਸਵਿੰਦਰ ਕੌਰ, ਕੰਵਲਜੀਤ ਕੌਰ, ਹਰਜੀਤ ਕੌਰ, ਬਲਵਿੰਦਰ ਕੌਰ ਆਦਿ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕੇ ਉਹ ਨਸ਼ਿਆਂ ਖਿਲਾਫ ਵਿੱਢੀ ਇਸ ਮੁਹਿੰਮ 'ਚ ਪਿੰਡ ਵਾਸੀਆਂ ਦਾ ਸਾਥ ਦੇਣ ਤਾਂ ਜੋ ਨਸ਼ਾ ਸਮੱਗਲਰ ਨੂੰ ਜੇਲਾਂ 'ਚ ਭੇਜ ਕੇ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ।

Shyna

This news is Content Editor Shyna