ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਹੜ ਆਉਣ ਦੇ ਖਤਰੇ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਹੁਕਮ ਜਾਰੀ

07/28/2022 4:54:29 PM

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਵਲੋਂ ਅਗਲੇ ਆਉਣ ਵਾਲੇ ਦਿਨਾਂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਲਈ ਜ਼ਿਲ੍ਹਾ ਗੁਰਦਾਸਪੁਰ ਦੀਆਂ ਸ਼ਹਿਰੀ ਸਥਾਨਿਕ ਸੰਸਥਾਵਾਂ ਜਾਂ ਘੁਮਾਣ, ਕਲਾਨੌਰ ਵਰਗੇ ਵੱਡੇ ਕਸਬਿਆਂ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੇ ਖਤਰੇ ਦੀ ਸੰਭਾਵਨਾ ਹੈ। 

ਇਸ ਲਈ ਕਮਿਸ਼ਨਰ, ਨਗਰ ਨਿਗਮ, ਬਟਾਲਾ, ਕਾਰਜਕਾਰੀ ਇੰਜੀਨੀਅਰ, ਸੀਵਰੇਂਜ ਬੋਰਡ, ਬਟਾਲਾ ਅਤੇ ਗੁਰਦਾਸਪੁਰ, ਸਮੂਹ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਜ਼ਿਲ੍ਹਾ ਗੁਰਦਾਸਪੁਰ ਅਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਗੁਰਦਾਸਪੁਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਅਤੇ ਨੀਵੇਂ ਸਥਾਨਾਂ ਪਾਣੀ ਭਰਨ ਦੀ ਸਥਿਤੀ ’ਤੇ ਨਜ਼ਰ ਰੱਖ ਜਾਣੀ ਯਕੀਨੀ ਬਣਾਈ ਜਾਵੇ। ਹੜ੍ਹ ਆਉਣ ਦੀ ਸੂਚਨਾ ਮਿਲਣ ’ਤੇ ਡੀਵਾਟਰਿੰਗ ਪੰਪਾਂ ਨੂੰ ਤੁਰੰਤ ਕਿਰਾਏ ’ਤੇ ਲੈ ਕੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਭਰਨ ਵਾਲੇ ਸਥਾਨਾਂ ਵਿੱਚੋਂ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਸ ਸਬੰਧੀ ਆਪਣੇ ਅਧੀਨ ਕੰਮ ਕਰਦੇ ਫੀਲਡ ਸਟਾਫ਼ ਤੋਂ ਹਰੇਕ ਇਕ ਘੰਟੇ ਬਾਅਦ ਦੀ ਸੂਚਨਾ ਪ੍ਰਾਪਤ ਕੀਤੀ ਜਾਵੇ ।

ਉਨ੍ਹਾਂ ਹੁਕਮਾਂ ਵਿੱਚ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਉਪਰੋਕਤ ਹੁਕਮਾਂ ਨੂੰ ਜ਼ਿਲ੍ਹੇ ਅੰਦਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਉਗੇ। ਉਨ੍ਹਾਂ ਕਾਰਜਕਾਰੀ ਇੰਜੀਨੀਅਰ, ਸੀਵਰੇਂਜ ਬੋਰਡ, ਗੁਰਦਾਸਪੁਰ ਅਤੇ ਬਟਾਲਾ, ਕਾਰਜਕਾਰੀ ਇੰਜੀਨੀਅਰ, ਜਲ ਨਿਕਾਸ ਵਿਭਾਗ, ਗੁਰਦਾਸਪੁਰ ਅਤੇ ਕਾਰਜਕਾਰੀ ਇੰਜੀਨੀਅਰ, ਯੂ.ਬੀ.ਡੀ.ਸੀ., ਗੁਰਦਾਸਪੁਰ ਮੰਡਲ, ਗੁਰਦਾਸਪੁਰ ਅਤੇ ਕਾਰਜਕਾਰੀ ਇੰਜੀਨੀਅਰ, ਯੂ.ਬੀ.ਡੀ.ਸੀ. ਮਾਧੋਪੁਰ ਮੰਡਲ, ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਸਾਰੇ ਦਰਿਆਵਾਂ /ਨਾਲਿਆਂ ਵਿੱਚੋਂ ਪਾਣੀ ਦੇ ਲੈਵਲ ਅਤੇ ਡਿਸਚਾਰਜ 24 ਘੰਟੇ 7 ਦਿਨ ਨਿਗਰਾਨੀ ਰੱਖੀ ਜਾਵੇ, ਖਤਰੇ ਵਾਲੇ ਸਥਾਨਾਂ ਦੇ ਪਾਣੀ ਦੇ ਲੈਵਲ ਅਤੇ ਡਿਸਚਾਰਜ ਦੀ ਜਾਣਕਾਰੀ 24*7 ਜ਼ਿਲ੍ਹਾ ਮੈਜਿਸਟਰੇਟ ਸੀਨੀਅਰ ਪੁਲਸ ਕਪਤਾਨ, ਗੁਰਦਾਸਪੁਰ ਅਤੇ ਬਟਾਲਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਤੇ ਸਮੂਹ ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਗੁਰਦਾਸਪੁਰ ਨਾਲ ਲਾਗਤਾਰ ਸਾਂਝੀ ਕੀਤੀ ਜਾਵੇ ।

ਉਨ੍ਹਾਂ ਕਿਹਾ ਕਿ ਜੇਕਰ ਹੜ੍ਹ ਕਾਰਨ ਕਿਸੇ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਿਘਣ ਪੈਂਦਾ ਹੈ ਤਾਂ ਤੁਰੰਤ ਇਸ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ । ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਇਸ ਸਾਰੇ ਕੰਮ ਦੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ) ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਗੁਰਦਾਸਪੁਰ ਨਾਲ ਤਾਲਮੇਲ ਕਰਕੇ ਸੁਪਰਵੀਜ਼ਨ ਕਰਨਗੇ ।
 


rajwinder kaur

Content Editor

Related News