ਸ਼ਰਾਰਤੀ ਅਨਸਰ ਵਲੋਂ ਗੁਟਕਾ ਸਾਹਿਬ ਜੀ ਦੀ ਬੇਅਦਬੀ

03/03/2020 1:03:35 AM

ਝਬਾਲ, (ਨਰਿੰਦਰ)- ਅੱਜ ਸਰਹੱਦੀ ਪਿੰਡ ਸੋਹਲ ਵਿਖੇ ਸਵੇਰੇ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੋਹਲ ਵਿਖੇ ਰਹਿੰਦੇ ਜੋਗਿੰਦਰ ਸਿੰਘ ਪੱੁਤਰ ਤਾਰਾ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸਵੇਰੇ ਕਰੀਬ 8 ਵਜੇ ਡੇਹਰੀ ’ਤੇ ਦੁੱਧ ਪਾਉਣ ਲਈ ਜਾ ਰਿਹਾ ਸੀ ਅਤੇ ਗਲੀ ’ਚ ਸਡ਼ਕ ਦੇ ਲਾਗੇ ਕਿਸੇ ਸ਼ਰਾਰਤੀ ਅਨਸਰ ਵਲੋਂ ਸ੍ਰੀ ਗੁਟਕਾ ਸਾਹਿਬ ਜੀ ਦੇ ਅੱਠ ਅੰਗ ਪਾਡ਼ ਕੇ ਸੁੱਟੇ ਹੋਏ ਸਨ ਅਤੇ ਉਹ ਅੰਗਾਂ ਨੂੰ ਇਕੱਠੇ ਕਰਕੇ ਡੇਹਰੀ ’ਤੇ ਦੁੱਧ ਪਾਉਣ ਚਲਾ ਗਿਆ ਅਤੇ ਡੇਹਰੀ ਮਾਲਕ ਬਲਵੰਤ ਸਿੰਘ ਪੱੁਤਰ ਸੁਰਜਨ ਸਿੰਘ ਨੂੰ ਸਾਰੀ ਕਹਾਣੀ ਦੱਸੀ, ਜਿਸ ’ਤੇ ਬਲਵੰਤ ਸਿੰਘ ਨੇ ਪਿੰਡ ਦੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਸਾਰੀ ਕਹਾਣੀ ਦੱਸੀ। ਜਿਨ੍ਹਾਂ ਨੇ ਫੋਨ ’ਤੇ ਥਾਣਾ ਝਬਾਲ ਵਿਖੇ ਇਸ ਸਬੰਧੀ ਜਾਣਕਾਰੀ ਦਿੱਤੀ, ਜਿਸ ’ਤੇ ਮੌਕੇ ’ਤੇ ਪਹੁੰਚੇ ਐੱਸ. ਪੀ. ਜਗਜੀਤ ਸਿੰਘ ਵਾਲੀਆ, ਡੀ. ਐੱਸ. ਪੀ. ਹਰੀਸ਼ ਬਹਿਲ, ਥਾਣਾ ਮੁਖੀ ਇੰਸ. ਪ੍ਰਭਜੀਤ ਸਿੰਘ ਨੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ’ਤੇ ਬਾਬਾ ਕਰਮ ਸਿੰਘ ਪੁੱਤਰ ਚੂਹਡ਼ ਸਿੰਘ ਨੇ ਕਿਹਾ ਕਿ ਉਹ ਸ੍ਰੀ ਅਖੰਡਪਾਠ ਸਾਹਿਬ ਡਿਊਟੀ ਲਾਉਣ ਲਈ ਸਵੇਰੇ ਕਰੀਬ 7:45 ’ਤੇ ਘਰੋਂ ਨਿਕਲਿਆ ਸੀ ਉਸ ਸਮੇਂ ਤੱਕ ਗਲੀ ’ਚ ਕੱੁਝ ਵੀ ਨਹੀਂ ਸੀ। ਪੁਲਸ ਵਲੋਂ ਕੱੁਝ ਆਸ-ਪਾਸ ਘਰਾਂ ’ਚ ਜਾ ਕੇ ਘਰਾਂ ’ਚ ਰੱਖੇ ਗੁਟਕਾ ਸਾਹਿਬ ਚੈੱਕ ਕੀਤੇ ਗਏ ਅਤੇ ਸ੍ਰੀ ਗੁਟਕਾ ਸਾਹਿਬ ਦੇ ਪਾਡ਼ੇ ਹੋਏ ਅੰਗ ਪੁਲਸ ਦੀ ਨਿਗਰਾਨੀ ’ਚ ਪਿੰਡ ’ਚ ਸਥਿਤ ਗੁਰਦੁਆਰਾ ਬਾਬਾ ਸੈਣ ਭਗਤ ਜੀ ਵਿਖੇ ਰਖਵਾ ਦਿੱਤੇ ਗਏ। ਇਸ ਘਟਨਾ ਦੀ ਪਿੰਡ ਵਾਸੀਆਂ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਕਰਡ਼ੇ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਜ਼ਾਵਾਂ ਦਿੱਤੀਆਂ ਜਾਣ। ਇਸ ਸਬੰਧੀ ਐੱਸ. ਪੀ. ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਥਾਣਾ ਝਬਾਲ ’ਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਫਡ਼ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

Bharat Thapa

This news is Content Editor Bharat Thapa