ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਚਾਹਵਾਨ ਜ਼ਰੂਰ ਦੇਖੋ ਇਹ ਖ਼ਬਰ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ

03/18/2018 5:31:40 PM

ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ, ਭਾਟੀਆ) - ਪਿੰਡ ਬੁਰਜ 195 ਵਾਸੀ ਆੜ੍ਹਤੀ ਬਲਕਾਰ ਸਿੰਘ ਦੀ ਪਤਨੀ ਨਵਿੰਦਰ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਤਰਨਤਾਰਨ ਵੱਲੋਂ ਉਨ੍ਹਾਂ ਵਿਰੁੱਧ ਇਕ ਮਹਿਲਾ ਦੀਆਂ ਝੂਠੀਆਂ ਦਰਖਾਸਤਾਂ ਅਤੇ ਇਕ ਉਚ ਪੁਲਸ ਅਧਿਕਾਰੀ ਦੀ ਸ਼ਹਿ 'ਤੇ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜ਼ਲੀਲ ਕਰਨ ਦੇ ਦੋਸ਼ ਲਾਏ ਹਨ। ਨਵਿੰਦਰ ਕੌਰ ਨੇ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ ਦੀ ਹਾਜ਼ਰੀ 'ਚ ਇਹ ਐਲਾਨ ਵੀ ਕੀਤਾ ਹੈ ਕਿ ਜੇਕਰ ਉਨ੍ਹਾਂ ਵਿਰੁੱਧ ਦਰਜ ਪੁਲਸ ਕੇਸ ਰੱਦ ਨਾ ਕੀਤੇ ਗਏ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਐੱਸ. ਐੱਸ. ਪੀ. ਤਰਨਤਾਰਨ ਦੇ ਦਫ਼ਤਰ ਅੱਗੇ ਆਤਮਹੱਤਿਆ ਕਰਨ ਲਈ ਮਜਬੂਰ ਹੋਵੇਗਾ। 
ਓਧਰ ਏ. ਆਈ. ਏ. ਸੀ. ਐੱਮ. ਦੇ ਸੂਬਾ ਪ੍ਰਧਾਨ ਅਜੇ ਕੁਮਾਰ ਚੀਨੂੰ ਨੇ ਪੁਲਸ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ 12 ਮਾਰਚ ਨੂੰ ਬਲਕਾਰ ਸਿੰਘ ਬੁਰਜ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਖੇ ਦਰਜ ਕੀਤਾ ਗਿਆ ਕੇਸ ਜੇਕਰ 25 ਮਾਰਚ ਤੱਕ ਰੱਦ ਨਾ ਕੀਤਾ ਗਿਆ ਤਾਂ 26 ਮਾਰਚ ਨੂੰ ਐੱਸ. ਐੱਸ. ਪੀ. ਤਰਨਤਾਰਨ ਦੇ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਮੋਰਚੇ ਵੱਲੋਂ ਘਿਰਾਓ ਕੀਤਾ ਜਾਵੇਗਾ। ਨਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਨਵਪ੍ਰੀਤ ਸਿੰਘ ਦਾ ਵਿਆਹ 2014 'ਚ ਫੇਸ-6 ਮੋਹਾਲੀ ਦੇ ਵਾਸੀ ਐੱਨ. ਆਰ. ਆਈ. ਬਲਵਿੰਦਰ ਸਿੰਘ ਦੀ ਅਮਰੀਕਾ ਦੀ ਸਿਟੀਜ਼ਨ ਲੜਕੀ ਹਰਲੀਨ ਕੌਰ ਨਾਲ ਹੋਇਆ ਸੀ।
ਵਿਆਹ ਤੋਂ ਕੁਝ ਸਮਾਂ ਬਾਅਦ ਹਰਲੀਨ ਕੌਰ ਦੀ ਮਾਂ ਬਵਨਦੀਪ ਕੌਰ ਵੱਲੋਂ ਉਨ੍ਹਾਂ ਦੇ ਲੜਕੇ ਨਵਪ੍ਰੀਤ ਸਿੰਘ ਨੂੰ ਲੜਕੀ ਨਾਲ ਅਮਰੀਕਾ ਭੇਜਣ ਲਈ 20 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ 'ਤੇ 9 ਲੱਖ ਰੁਪਏ ਉਨ੍ਹਾਂ ਵੱਲੋਂ ਬਵਨਦੀਪ ਕੌਰ ਨੂੰ ਨਕਦ ਦਿੱਤੇ ਗਏ, ਜਦੋਂ 80 ਹਜ਼ਾਰ ਰੁਪਏ (50 ਅਤੇ 30 ਹਜ਼ਾਰ) ਉਸ ਦੇ ਪਤੀ ਵੱਲੋਂ ਬਵਨਦੀਪ ਕੌਰ ਦੇ ਬੈਂਕ ਖਾਤੇ 'ਚ ਮਿਤੀ 24 ਮਈ 2015 ਅਤੇ 26 ਜੂਨ 2015 ਨੂੰ ਜਮ੍ਹਾ ਕਰਵਾਏ ਗਏ। ਉਸ ਨੇ ਦੱਸਿਆ ਕਿ ਕਰੀਬ 10 ਲੱਖ ਰੁਪਏ ਲੈਣ ਤੋਂ ਬਾਅਦ ਵੀ ਉਸਦੇ ਲੜਕੇ ਨੂੰ ਉਸਦੀ ਪਤਨੀ ਹਰਲੀਨ ਕੌਰ ਦੇ ਨਾਲ ਅਮਰੀਕਾ ਨਹੀਂ ਭੇਜਿਆ ਗਿਆ, ਸਗੋਂ ਉਲਟਾ ਉਨ੍ਹਾਂ ਦੇ ਪੂਰੇ ਪਰਿਵਾਰ 'ਤੇ ਮੋਹਾਲੀ ਸਥਿਤ ਐੱਨ. ਆਰ. ਆਈ. ਥਾਣੇ 'ਚ ਦਾਜ ਮੰਗਣ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ, ਜਿਸ ਕੇਸ 'ਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਹੈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਦੇ ਪਤੀ ਬਲਕਾਰ ਸਿੰਘ ਵਿਰੁੱਧ ਥਾਣਾ ਝਬਾਲ ਵਿਖੇ ਇਕ ਹੋਰ ਝੂਠੀ ਰਿਪੋਰਟ ਉਕਤ ਮਹਿਲਾ ਵੱਲੋਂ ਦਰਜ ਕਰਵਾਈ ਗਈ, ਜਿਸ ਰਿਪੋਰਟ ਨੂੰ ਡੇਢ ਸਾਲ ਬਾਅਦ ਪੁਲਸ ਦੇ ਇਕ ਆਈ. ਜੀ. ਦੇ ਇਸ਼ਾਰੇ 'ਤੇ ਇਰਾਦਾ ਕਤਲ (307 ਧਾਰਾ) 'ਚ ਤਬਦੀਲ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਝੂਠੇ ਕੇਸ ਦਰਜ ਕਰਵਾਉਣ ਦਾ ਮਾਮਲਾ ਇਥੇ ਹੀ ਨਹੀਂ ਰੁਕਿਆ ਹੈ ਤੇ ਹੁਣ 12 ਮਾਰਚ 2018 ਨੂੰ ਉਕਤ ਮਹਿਲਾ ਵੱਲੋਂ ਮੇਰੇ ਪਤੀ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਖੇ ਅਗਵਾ ਕਰਨ, ਰਸਤਾ ਰੋਕਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਜੋ ਸਰਾਸਰ ਝੂਠਾ ਹੈ। 
ਉਸ ਨੇ ਦੱਸਿਆ ਕਿ ਦਰਜ ਐੱਫ. ਆਈ. ਆਰ. 'ਚ ਔਰਤ ਵੱਲੋਂ ਉਸਦੇ ਪਤੀ ਨੂੰ ਇਨੋਵਾ ਗੱਡੀ 'ਚ ਸਵਾਰ ਦਰਸਾਇਆ ਗਿਆ ਹੈ, ਜਦ ਕਿ ਇਨੋਵਾ ਗੱਡੀ ਉਨ੍ਹਾਂ ਦੇ ਕੋਲ ਨਹੀਂ ਹੈ। ਜਿਸ ਦਿਨ ਦਾ ਮਾਮਲਾ ਮੁਕੱਦਮੇ 'ਚ ਵਰਨਣ ਕੀਤਾ ਗਿਆ ਹੈ ਉਸ ਦਿਨ ਉਸਦਾ ਪਤੀ ਆਪਣੀ ਮੋਪੇਡ 'ਤੇ ਸਵਾਰ ਹੋ ਕੇ ਅਦਾਲਤ 'ਚ ਕਿਸੇ ਕੇਸ ਦੇ ਮਾਮਲੇ 'ਚ ਪੇਸ਼ੀ 'ਤੇ ਗਿਆ ਸੀ, ਜਿਸ ਦੀਆਂ ਵੀਡੀਓ ਫੁਟੇਜ ਵੀ ਉਨ੍ਹਾਂ ਵੱਲੋਂ ਕੋਰਟ ਕੰਪਲੈਕਸ 'ਚ ਲੱਗੇ ਕੈਮਰਿਆਂ ਤੋਂ ਲੈ ਲਈਆਂ ਗਈਆਂ ਹਨ। 
ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ ਨੇ ਪਰਿਵਾਰ ਨਾਲ ਖੜ੍ਹਨ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕੇਸ ਰੱਦ ਨਾ ਹੋਣ 'ਤੇ 26 ਮਾਰਚ ਨੂੰ ਐੱਸ. ਐੱਸ. ਪੀ. ਤਰਨਤਾਰਨ ਦੇ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ ਹੀਰਾ, ਹੈਪੀ ਦਿੱਲੀ, ਰਾਜਾ ਝਬਾਲ, ਸਾਗਰ ਸ਼ਰਮਾ, ਗੁਰਪ੍ਰੀਤ ਸਿੰਘ ਗੋਲਾ, ਨਿਸ਼ਾਨ ਸਿੰਘ, ਸੰਤੋਖ ਸਿੰਘ ਸੋਖੀ, ਬਲਵਿੰਦਰ ਸਿੰਘ ਬਿੱਟੂ ਸੋਹਲ, ਲਖਬੀਰ ਸਿੰਘ ਸੋਹਲ, ਜਸਪਾਲ ਸਿੰਘ, ਹਰਭਿੰਦਰ ਸਿੰਘ, ਸਾਹਿਬ ਸਿੰਘ ਤੇ ਉਦੇ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

ਦਰਜ ਕੀਤਾ ਗਿਆ ਕੇਸ ਬਿਲਕੁਲ ਸਹੀ : ਬਵਨਦੀਪ ਕੌਰ
ਬਵਨਦੀਪ ਕੌਰ ਨੇ ਕਿਹਾ ਕਿ ਬਲਕਾਰ ਸਿੰਘ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਖੇ ਦਰਜ ਕੀਤੀ ਗਈ ਐੱਫ. ਆਈ. ਆਰ. ਬਿਲਕੁਲ ਸਹੀ ਹੈ। ਉਸ ਨੇ ਦੱਸਿਆ ਕਿ ਬਲਕਾਰ ਸਿੰਘ ਵੱਲੋਂ ਉਸ ਵਿਰੁੱਧ ਪਾਏ ਗਏ ਇਕ ਇਸਤਗਾਸੇ ਦੇ ਸਬੰਧ 'ਚ ਜਦੋਂ ਉਹ 7 ਮਾਰਚ ਨੂੰ ਅਦਾਲਤ 'ਚ ਪੇਸ਼ੀ ਉਪਰੰਤ ਆਪਣੀ ਗੱਡੀ 'ਚ ਸਵਾਰ ਹੋ ਕੇ ਡਰਾਈਵਰ ਸਮੇਤ ਬਾਹਰ ਨਿਕਲ ਰਹੀ ਸੀ ਤਾਂ ਇਨੋਵਾ ਗੱਡੀ 'ਚ ਸਵਾਰ ਪਹਿਲਾਂ ਤੋਂ ਹੀ ਉਸਦਾ ਪਿੱਛਾ ਕਰ ਰਹੇ ਬਲਕਾਰ ਸਿੰਘ ਅਤੇ ਉਸਦੇ 4-5 ਹੋਰ ਅਣਪਛਾਤੇ ਸਾਥੀਆਂ ਵੱਲੋਂ ਰਸਤੇ 'ਚ ਉਸਦੀ ਗੱਡੀ ਰੋਕ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਸ ਦੀ ਗੱਡੀ ਆਉਂਦੀ ਵੇਖ ਕੇ ਉਕਤ ਲੋਕ ਧਮਕੀਆਂ ਦਿੰਦੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਅਮਰੀਕਾ 'ਚ ਰਹਿੰਦਾ ਹੈ ਅਤੇ ਉਹ ਇਕੱਲੀ ਹੀ ਇਥੇ ਰਹਿ ਰਹੀ ਹੈ। ਉਸ ਨੂੰ ਬਲਕਾਰ ਸਿੰਘ ਤੇ ਉਸਦੇ ਪਰਿਵਾਰ ਕੋਲੋਂ ਜਾਨ ਦਾ ਖਤਰਾ ਹੈ। ਉਸ ਨੇ ਕਿਹਾ ਕਿ ਜੇਕਰ ਉਸਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਕਤ ਲੋਕ ਜ਼ਿੰਮੇਵਾਰ ਹੋਣਗੇ।
ਨੂੰਹ ਵਿਦੇਸ਼ ਤੇ ਪੁੱਤ ਜੇਲ 'ਚ : ਨਵਿੰਦਰ ਕੌਰ
ਨਵਿੰਦਰ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਬਹੁਤ ਦੁਖੀ ਹੈ ਕਿ ਉਸਦੇ ਪੁੱਤ ਨਵਪ੍ਰੀਤ ਸਿੰਘ ਨੂੰ ਉਸਦੀ ਪਤਨੀ ਬਣੀ ਹਰਲੀਨ ਕੌਰ ਜੇਲ 'ਚ ਬੰਦ ਕਰਵਾ ਕੇ ਆਪ ਵਿਦੇਸ਼ (ਅਮਰੀਕਾ) ਚਲੀ ਗਈ ਹੈ। ਉਸ ਨੇ ਆਪਣੀ ਨੂੰਹ 'ਤੇ ਗਿਲਾ ਕਰਦਿਆਂ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਉਨ੍ਹਾਂ ਨਾਲ ਅਜਿਹਾ ਕਰੇਗੀ। ਉਸਦਾ ਪੁੱਤ ਬਿਲਕੁਲ ਬੇਕਸੂਰ ਹੈ ਤੇ ਉਸਦੇ ਪੁੱਤ ਦੀ ਬੇਗੁਨਾਹੀ ਕਰ ਕੇ ਹੀ ਉਹ ਸਾਰਾ ਪਰਿਵਾਰ ਇਸ ਸਮੇਂ ਡਿਪ੍ਰੈਸ਼ਨ 'ਚ ਹੈ। 
ਬਲਕਾਰ ਸਿੰਘ ਵਿਰੁੱਧ ਜੇਕਰ ਦਰਜ ਕੇਸ 'ਚ ਕੋਈ ਸਮੱਸਿਆ ਹੈ ਤਾਂ ਪਰਿਵਾਰ ਉਨ੍ਹਾਂ ਤੱਕ ਪਹੁੰਚ ਕਰੇ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਮਾਂਡ 'ਚ ਕਿਸੇ ਵੀ ਪੁਲਸ ਅਫਸਰ ਵੱਲੋਂ ਕਿਸੇ ਨਾਲ ਬੇਇਨਸਾਫੀ ਜਾਂ ਧੱਕੇਸ਼ਾਹੀ ਨਹੀਂ ਕੀਤੀ ਜਾਂਦੀ ਹੈ ਅਤੇ ਜੇਕਰ ਫਿਰ ਵੀ ਬਲਕਾਰ ਸਿੰਘ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਉਹ ਉਨ੍ਹਾਂ ਤੱਕ ਪਹੁੰਚ ਕਰਨ, ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ ਕਰ ਕੇ ਇਨਸਾਫ ਦਿੱਤਾ ਜਾਵੇਗਾ। -ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ।