ਡੇਰਾ ਬਾਬਾ ਨਾਨਕ ’ਚ ਲੱਗੀਆਂ ਮੇਲਾ ਸ੍ਰੀ ਚੋਲਾ ਸਾਹਿਬ ਦੀਆਂ ਰੌਣਕਾਂ

03/05/2020 3:50:53 PM

ਡੇਰਾ ਬਾਬਾ ਨਾਨਕ (ਵਤਨ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ’ਚ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀਆਂ ਖੂਬ ਰੌਣਕਾਂ ਰਹੀਆਂ ਅਤੇ ਵੱਖ-ਵੱਖ ਹਿੱਸਿਆਂ ’ਚੋਂ ਪੈਦਲ ਚੱਲ ਕੇ ਬੀਤੀ ਰਾਤ ਡੇਰਾ ਬਾਬਾ ਨਾਨਕ ਪਹੁੰਚੀਆਂ ਸੰਗਤਾਂ ਨੇ ਗੁ. ਸ੍ਰੀ ਚੋਲਾ ਸਾਹਿਬ, ਗੁ. ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਧੁੱਸੀ ਬੰਨ੍ਹ ਤੋਂ ਪਾਕਿਸਤਾਨ ਸਥਿਤ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਸੰਗਤਾਂ ਦਾ ਕਹਿਣਾ ਸੀ ਕਿ ਗੁਰੂਧਾਮਾਂ ਦੇ ਦਰਸ਼ਨਾਂ ਨਾਲ ਹੀ ਉਨ੍ਹਾਂ ਦੀ ਥਕਾਵਟ ਮਿੱਟ ਗਈ ਹੈ ਅਤੇ ਦਰਸ਼ਨਾਂ ਨਾਲ ਉਨ੍ਹਾਂ ਦੇ ਮਨਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ।

ਕਸਬੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਅਤੇ ਬੀ. ਡੀ. ਪੀ. ਓ. ਜਗਦੀਪ ਸਿੰਘ ਰੰਧਾਵਾ ਦੀ ਅਗਵਾਈ ’ਚ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਨੇ ਮੇਲਾ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀ ਯਾਤਰਾ ਸਫਲ ਹੋਣ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਬਾਬਾ ਸੁਖਦੀਪ ਸਿੰਘ ਬੇਦੀ ਵੱਲੋਂ ਸੰਗਤਾਂ ਲਈ ਲੰਗਰ, ਫ੍ਰੀ ਮੈਡੀਕਲ ਕੈਂਪ ਦੀ ਸਹੂਲਤ ਵੀ ਦਿੱਤੀ ਗਈ। ਬਾਬਾ ਬੇਦੀ ਨੇ ਅਰਦਾਸ ਦੌਰਾਨ ਕਿਹਾ ਕਿ ਜਿਨ੍ਹਾਂ ਸੰਗਤਾਂ ਨੇ ਗੁਰੂ ਘਰ ਤੋਂ ਮੁਰਾਦਾਂ ਮੰਗੀਆਂ ਹਨ, ਉਹ ਪੂਰੀਆਂ ਹੋਣ ਅਤੇ ਸੰਗਤਾਂ ਦੀ ਯਾਤਰਾ ਸਫਲ ਹੋਵੇ।

ਇਸ ਤੋਂ ਇਲਾਵਾ ਕਸਬੇ ਦੇ ਗੁ. ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼, ਲੰਗਰ ਅਤੇ ਪਾਰਕਿੰਗ ਦੇ ਪ੍ਰਬੰਧ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਦੀ ਅਗਵਾਈ ’ਚ ਕੀਤੇ ਗਏ ਸਨ ਅਤੇ ਧਾਰਮਕ ਦੀਵਾਨ ਵਿਚ ਰਾਗੀ ਢਾਡੀ ਅਤੇ ਕੀਰਤਨੀ ਜਥੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਕਸਬੇ ਦੇ ਗੁ. ਸ੍ਰੀ ਦਰਬਾਰ ਸਾਹਿਬ, ਗੁ. ਸ੍ਰੀ ਸੱਚਖੰਡ ਗੁਰੂ ਨਾਨਕ ਅਸਥਾਨ ਤੋਂ ਇਲਾਵਾ ਲੋਕਾਂ ਵੱਲੋਂ ਆਪਣੀਆਂ ਇਮਾਰਤਾਂ ’ਤੇ ਸ਼ਾਨਦਾਰ ਰੌਸ਼ਨੀਆਂ ਨਾਲ ਸਜਾਵਟ ਕੀਤੀ ਗਈ ਸੀ। ਕਸਬੇ ਦੇ ਹਰ ਪਾਸੇ ਸੰਗਤਾਂ ਦੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਝ ਰਹੇ ਸਨ।


Baljeet Kaur

Content Editor

Related News