ਸਿੱਖਿਆ ਵਿਭਾਗ ਵੱਲੋਂ ਐੱਚ. ਟੀ. ਤੇ ਸੀ. ਐੱਚ. ਟੀ. ਦੀ ਸਿੱਧੀ ਭਰਤੀ ''ਤੇ ਰੋਕ!

01/03/2020 8:20:49 PM

ਅੰਮ੍ਰਿਤਸਰ,(ਦਲਜੀਤ)-ਸਿੱਖਿਆ ਵਿਭਾਗ ਵੱਲੋਂ ਐੱਚ. ਟੀ. ਤੇ ਸੀ. ਐੱਚ. ਟੀ. ਦੀ ਸਿੱਧੀ ਭਰਤੀ 'ਤੇ ਰੋਕ ਲਾ ਦਿੱਤੀ ਗਈ ਹੈ। ਵਿਭਾਗ ਵੱਲੋਂ ਟੈਸਟ ਪਾਸ ਕਰ ਚੁੱਕੇ ਵੇਟਿੰਗ ਉਮੀਦਵਾਰਾਂ ਨੂੰ ਵੀ ਐੱਚ. ਟੀ. ਤੇ ਸੀ. ਐੱਚ. ਸੀ. ਦੀ ਹੋਣ ਵਾਲੀ ਭਰਤੀ ਪ੍ਰਕਿਰਿਆ ਤੋਂ ਦੂਰ ਰੱਖਿਆ ਗਿਆ ਹੈ। ਵਿਭਾਗ ਦੇ ਇਸ ਫੈਸਲੇ ਕਾਰਣ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ 'ਚ ਭਾਰੀ ਰੋਸ ਹੈ, ਜਿਨ੍ਹਾਂ 6 ਜਨਵਰੀ ਨੂੰ ਮੋਹਾਲੀ 'ਚ ਰਾਜ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਸੀ. ਐੱਚ. ਟੀ. ਕਮੇਟੀ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਿੱਧੀ ਭਰਤੀ ਰੋਕਣ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਨਾਲ ਧੋਖਾ ਕਰਨ 'ਤੇ ਉਤਾਰੂ ਹੈ। ਇਸ ਟੈਸਟ ਨੂੰ ਉਨ੍ਹਾਂ ਉਮੀਦਵਾਰਾਂ ਨੇ ਪਾਸ ਕੀਤਾ ਹੈ, ਜੋ ਪਿਛਲੇ 10-15 ਸਾਲਾਂ ਤੋਂ ਸਰਕਾਰ ਦੀ ਕੰਟਰੈਕਟ ਨੀਤੀ ਤਹਿਤ ਸਕੂਲਾਂ ਵਿਚ ਕੰਮ ਕਰ ਰਹੇ ਸਨ। ਟੈਸਟ ਪਾਸ ਕਰਨ ਦੇ ਬਾਵਜੂਦ ਹੁਣ ਉਮੀਦਵਾਰਾਂ ਦੀ ਨਾ ਤਾਂ ਕਾਗਜ਼ਾਂ ਦੀ ਸਕਰੂਟਨੀ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਦੀ ਸਕਰੂਟਨੀ ਕੀਤੀ ਗਈ ਹੈ, ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ 8 ਮਾਰਚ 2019 ਨੂੰ ਬੀ. ਪੀ. ਈ. ਓ., ਸੀ. ਐੱਚ. ਟੀ. ਅਤੇ ਐੱਚ. ਟੀ. ਦੀ ਸਿੱਖਿਆ ਵਿਭਾਗ ਅਤੇ ਸਰਕਾਰੀ ਸਕੂਲਾਂ ਵਿਚ ਨਿਯੁਕਤੀ ਨੂੰ ਲੈ ਕੇ ਇਸ਼ਤਿਹਾਰ ਜਾਰੀ ਕੀਤਾ ਸੀ। ਉਸ ਤੋਂ ਬਾਅਦ ਸਾਰੇ ਉਮੀਦਵਾਰਾਂ ਦਾ ਟੈਸਟ ਹੋਇਆ। ਫਿਲਹਾਲ ਸਿੱਖਿਆ ਵਿਭਾਗ ਦੀ ਭਰਤੀ ਪ੍ਰਕਿਰਿਆ ਅਧੂਰੀ ਹੈ। ਕਈ ਸੀਟਾਂ ਖਾਲੀ ਹਨ। ਭਰਤੀ ਪ੍ਰਕਿਰਿਆ ਠੱਪ ਕੀਤੇ ਜਾਣ ਨਾਲ ਐੱਚ. ਟੀ., ਸੀ. ਐੱਚ. ਟੀ. ਵੇਟਿੰਗ ਉਮੀਦਵਾਰਾਂ ਵਿਚ ਰੋਸ ਪੈਦਾ ਹੋ ਗਿਆ ਹੈ। ਉਮੀਦਵਾਰਾਂ ਨੇ ਨਵੇਂ ਸਾਲ ਦੇ ਜਨਵਰੀ ਮਹੀਨੇ ਦੀ 6 ਤਰੀਕ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ 'ਚ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਔਲਖ ਨੇ ਕਿਹਾ ਕਿ ਟੈਸਟ ਆਧਾਰਿਤ ਸਿੱਧੀ ਭਰਤੀ ਦਾ ਕੋਟਾ 25 ਤੋਂ ਵਧਾ ਕੇ 50 ਫ਼ੀਸਦੀ ਕੀਤਾ ਜਾਵੇ। ਉਨ੍ਹਾਂ ਵਿਭਾਗ ਤੋਂ ਐੱਚ. ਟੀ., ਸੀ. ਐੱਚ. ਟੀ. ਦੀ ਚੱਲ ਰਹੀ ਸਿੱਧੀ ਭਰਤੀ ਦੀ ਪ੍ਰਕਿਰਿਆ ਨੂੰ ਅਚਾਨਕ ਹੌਲੀ ਕਰਨ ਖਿਲਾਫ 6 ਜਨਵਰੀ ਨੂੰ ਗੁ. ਅੰਬ ਸਾਹਿਬ ਮੋਹਾਲੀ ਵਿਖੇ ਪੰਜਾਬ ਪੱਧਰੀ ਬੈਠਕ ਬੁਲਾਈ ਹੈ, ਜਿਸ ਵਿਚ ਸਬੰਧਤ ਅਧਿਕਾਰੀਆਂ ਨਾਲ ਵੇਟਿੰਗ ਉਮੀਦਵਾਰਾਂ ਨੂੰ ਸੰਤੋਸ਼ਜਨਕ ਜਵਾਬ ਨਾ ਦਿੱਤੇ ਜਾਣ ਦੀ ਹਾਲਤ 'ਚ ਮੌਕੇ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਔਲਖ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ 40 ਬੀ. ਪੀ. ਈ. ਓ., 375 ਸੈਂਟਰ ਹੈੱਡ ਟੀਚਰ ਅਤੇ 1558 ਹੈੱਡ ਟੀਚਰਾਂ ਦੀ ਟੈਸਟ ਆਧਾਰਿਤ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਸ ਨਾਲ ਹਰ ਦਿਨ ਕੋਈ ਨਵਾਂ ਵਿਵਾਦ ਜੁੜ ਰਿਹਾ ਹੈ। ਹੁਣ ਵਿਭਾਗ ਨੇ ਕਿਸੇ ਪ੍ਰਭਾਵ 'ਚ ਸਿੱਧੀ ਭਰਤੀ ਪ੍ਰਕਿਰਿਆ ਰੋਕ ਕੇ ਤਰੱਕੀ ਵਾਲੇ ਅਧਿਆਪਕਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ 'ਤੇ ਉੱਠੀਆਂ ਉਂਗਲਾਂ ਦੇ ਮੱਦੇਨਜ਼ਰ ਉਨ੍ਹਾਂ ਕਈ ਵਾਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਹੈਰਾਨੀ ਹੈ ਕਿ ਵਾਰ-ਵਾਰ ਸਟੇਸ਼ਨ ਚੁਆਇਸ, ਦੋਵਾਂ ਹੱਥਾਂ 'ਚ ਸੀ. ਐੱਚ. ਟੀ. ਅਤੇ ਐੱਚ. ਟੀ. ਦੇ ਆਰਡਰ ਲਈ ਬੈਠੇ ਅਧਿਆਪਕਾਂ ਪ੍ਰਤੀ ਵਿਭਾਗ ਦਾ ਗੈਰ-ਜ਼ਰੂਰੀ ਮੋਹ ਇਸ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਚਾਹੇ ਕੁਝ ਵੀ ਕਹੇ ਪਰ ਅਜੇ ਵੀ 50 ਫ਼ੀਸਦੀ ਤੋਂ ਵੱਧ ਭਰਤੀ ਪ੍ਰਕਿਰਿਆ ਅਧੂਰੀ ਹੈ। ਨਿਯਮਾਂ ਅਨੁਸਾਰ ਲੋੜੀਂਦੀ ਕੁਲ ਭਰਤੀ ਦੇ 25 ਫ਼ੀਸਦੀ ਕੋਟੇ 'ਤੇ ਨਵੀਂ ਟੈਸਟ ਆਧਾਰਿਤ ਭਰਤੀ ਕੀਤੀ ਗਈ ਹੈ ਪਰ ਬੇਰੋਜ਼ਗਾਰਾਂ ਦੀਆਂ ਲੰਮੀਆਂ ਹੋ ਰਹੀਆਂ ਲਾਈਨਾਂ ਦੇ ਮੱਦੇਨਜ਼ਰ ਹੁਣ ਸਮਾਂ ਆ ਗਿਆ ਹੈ ਕਿ ਸਿੱਧੀ ਭਰਤੀ ਲਈ ਕੋਟਾ 25 ਤੋਂ ਵਧਾ ਕੇ 50 ਫ਼ੀਸਦੀ ਕੀਤਾ ਜਾਵੇ। ਇਸ ਮੌਕੇ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ 'ਚ ਰਣਜੀਤ ਸਿੰਘ, ਅਮਰੀਕ ਸਿੰਘ, ਬਲਕਾਰ ਸਿੰਘ, ਬੂਟਾ ਰਾਮ ਤੇ ਸਰਤਾਜ ਗਿੱਲ ਸਮੇਤ ਹੋਰ ਮੌਜੂਦ ਸਨ। ਇਸ ਸਬੰਧੀ ਜਦੋਂ ਡੀ. ਪੀ. ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Related News