ਰੇਤ-ਬਜ਼ਰੀ ਦੇ ਰੇਟਾਂ ਨੂੰ ਲੈ ਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਦੁਕਾਨਦਾਰ ਤੇ ਟਿੱਪਰ ਯੂਨੀਅਨ ਨੇ ਕੀਤਾ ਪ੍ਰਦਰਸ਼ਨ

09/21/2022 2:56:06 PM

ਗੁਰਦਾਸਪੁਰ (ਵਿਨੋਦ) - ਰੇਤ-ਬਜ਼ਰੀ ਦੇ ਆਸਮਾਨੀ ਚੜ੍ਹੇ ਰੇਟਾਂ ਨੂੰ ਲੈ ਕੇ ਉਸਾਰੀ ਨਾਲ ਸਬੰਧਿਤ ਕਿਰਤੀਆਂ ਅਤੇ ਉਸਾਰੀ ਦਾ ਸਾਮਾਨ ਸਪਲਾਈ ਕਰਨ ਵਾਲੇ ਆਮ ਲੋਕਾਂ ਨੂੰ ਆਰਥਿਕ ਸਹਾਇਤਾ ਦੇਣ ਸਬੰਧੀ ਅੱਜ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਦੁਕਾਨਦਾਰ ਅਤੇ ਟਿੱਪਰ ਯੂਨੀਅਨਜ਼ ਨੇ ਸਾਂਝੇ ਤੌਰ ’ਤੇ ਸ਼ਹਿਰ ’ਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਤੋਂ ਬਾਅਦ ਉਕਤ ਲੋਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ : ਨਸ਼ੇੜੀ ਪੁੱਤ ਦਾ ਕਾਰਾ, ਸਿਰ ’ਚ ਬਾਲਾ ਮਾਰ ਕੀਤਾ ਪਿਓ ਦਾ ਕਤਲ

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ ਆਦਿ ਨੇ ਕਿਹਾ ਕਿ ਰੇਤ ਅਤੇ ਬਜ਼ਰੀ ਦੀ ਮਾਈਨਿੰਗ ’ਤੇ ਪਾਬੰਧੀ ਲੱਗਣ ਕਾਰਨ ਸਮੁੱਚਾ ਉਸਾਰੀ ਖੇਤਰ ਦਾ ਕੰਮ ਠੱਪ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਉਸਾਰੀ ਮਿਸਤਰੀ ਮਜ਼ਦੂਰਾਂ, ਰੇਤ, ਬਜ਼ਰੀ ਵਿਕਰੇਤਾਂ ਅਤੇ ਸਪਲਾਈ ਕਰਨ ਵਾਲੇ ਆਮ ਲੋਕਾਂ ਦੀ ਆਰਥਿਕਤਾਂ ’ਤੇ ਪਿਆ ਹੈ। ਕੰਮ ਬੰਦ ਹੋਣ ਕਾਰਨ ਬਹੁਤ ਸਾਰੇ ਮਜ਼ਦੂਰ, ਮਿਸਤਰੀ ਅਤੇ ਉਸਾਰੀ ਨਾਲ ਜੁੜੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਣ ਕਰਕੇ ਅਜੇ ਤੱਕ ਕਿਸੇ ਪ੍ਰਕਾਰ ਦੀ ਰਾਹਤ ਦੀ ਆਸਤ ਨਜ਼ਰ ਨਹੀਂ ਆ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਦਾ ਰੇਤ ਮਾਫ਼ੀਆਂ ਨੂੰ ਨਕੇਲ ਪਾਉਣ ਅਤੇ ਲੋਕਾਂ ਨੂੰ ਸਸਤੀ ਉਸਾਰੀ ਸਮੱਗਰੀ ਮੁਹੱਈਆਂ ਕਰਵਾਉਣ ਦਾ ਵਾਅਦਾ ਮਿੱਟੀ ’ਚ ਮਿਲ ਗਿਆ ਹੈ। ਰੇਤਾਂ, ਬਜ਼ਰੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਆਮ ਲੋਕਾਂ ਦਾ ਘਰ ਬਣਾਉਣ ਦਾ ਸੁਫ਼ਨਾ ਚਕਨਾਚੂਰ ਹੋਇਆ ਹੈ। ਦੂਜੇ ਪਾਸੇ ਉਸਾਰੀ ਖੇਤਰ ਨਾਲ ਜੁੜੇ ਕਾਮਿਆਂ ਨੂੰ ਕੰਮ ਨਾ ਮਿਲਣ ਕਰਕੇ ਪਿਛਲੇਂ 3 ਮਹੀਨਿਆਂ ਤੋਂ ਆਰਥਿਕ ਮੰਦਹਾਲੀ ਵਿਚੋਂ ਗੁਜ਼ਰਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੇਤ 6 ਤੋਂ 7 ਹਜ਼ਾਰ ਰੁਪਏ ਪ੍ਰਤੀ ਸੈਂਕੜਾਂ ਚੋਰ ਬਾਜ਼ਾਰੀ ’ਚ ਵਿਕ ਰਹੀ ਹੈ। ਸਾਡੀ ਮੰਗ ਹੈ ਕਿ ਉਸਾਰੀ ਖੇਤਰ ਵਿਚ ਕੰਮ ਕਰਦੇ ਕਿਰਤੀਆਂ ਨੂੰ ਘੱਟੋਂ ਘੱਟ 10 ਹਜ਼ਾਰ ਪ੍ਰਤੀ ਕਿਰਤੀ ਤੁਰੰਤ ਰਾਹਤ ਪੈਕੇਜ ਜਾਰੀ ਕੀਤਾ ਜਾਵੇ, ਉਸਾਰੀ ਖੇਤਰ ਦਾ ਸਾਮਾਨ ਸਪਲਾਈ ਕਰਨ ਵਾਲੇ ਛੋਟੇ ਦੁਕਾਨਦਾਰ, ਟਰੈਕਟਰ ਟਰਾਲੀ, ਰੇਹੜੀ ਅਤੇ ਹੋਰ ਸਪਲਾਈ ਸਾਧਨਾਂ ਦੇ ਮਾਲਕਾਂ ਨੂੰ ਇਸ ਰਾਹਤ ਖੇਤਰ ਵਿਚ ਸ਼ਾਮਲ ਕੀਤਾ ਜਾਵੇ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਉਨ੍ਹਾਂ ਕਿਹਾ ਕਿ ਰੇਤ, ਬਜ਼ਰੀ ਦੀ ਢੋਆ ਢੁਆਈ ਕਰਨ ਵਾਲੇ ਟਰੈਕਟਰ ਟਰਾਲੀ, ਰੇਹੜੀ, ਟਿੱਪਰ ਅਤੇ ਹੋਰ ਸਪਲਾਈ ਸਾਧਨਾਂ ਦੇ ਮਾਲਕਾਂ ਉੱਤੇ ਪਾਏ ਨਾਜਾਇਜ਼ ਪਰਚੇ ਰੱਦ ਕੀਤੇ ਜਾਣ ਅਤੇ ਜ਼ਬਤ ਸਾਧਨ ਵਾਪਸ ਕੀਤੇ ਜਾਣ, ਪੰਜਾਬ ਸਰਕਾਰ ਰੇਤ, ਬਜ਼ਰੀ ਦੀ ਮਾਈਨਿੰਗ ਸਬੰਧੀ ਠੋਸ ਨੀਤੀ ਬਣਾ ਕੇ ਇਸ ਦਾ ਸਮੁੱਚਾ ਪ੍ਰਬੰਧ ਆਪਣੇ ਹੱਥ ਵਿਚ ਲਵੇ ਤਾਂ ਜੋ ਰੇਤ, ਬਜ਼ਰੀ ਮਾਫੀਆਂ ਨੂੰ ਠੱਲ ਪਾਈ ਜਾ ਸਕੇ। ਕਿਰਤੀ ਭਲਾਈ ਬੋਰਡ ਵੱਲੋਂ ਮੀਟਿੰਗਾਂ ਵਿਚ ਪਾਸ ਕੀਤੀਆਂ ਸਕੀਮਾਂ ਦੇ ਰਹਿੰਦੇ ਸਾਰੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰ ਕਾਮੇ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

rajwinder kaur

This news is Content Editor rajwinder kaur