ਡਿਊਟੀ ਤੋਂ ਵਾਪਸ ਪਰਤ ਰਹੇ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ

07/17/2019 1:14:09 AM

ਭਿੱਖੀਵਿੰਡ/ਖਾਲਡ਼ਾ, (ਭਾਟੀਆ)- ਪੀ. ਡਬਲਯੂ. ਡੀ. ਰੈਸਟ ਹਾਊਸ ਪੱਟੀ ਵਿਖੇ ਨੌਕਰੀ ਕਰਦੇ ਇਕ ਮੁਲਾਜ਼ਮ ਦੀ ਡਿਊਟੀ ਤੋਂ ਵਾਪਸ ਪਰਤਦਿਆਂ ਹੋਇਆ ਸਡ਼ਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਛੋਟੇ ਪੁੱਤਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਿਤਾ ਸੁਖਦੇਵ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਨਾਰਲਾ ਪੀ. ਡਬਲਯੂ. ਡੀ. ਰੈਸਟ ਹਾਊਸ ਪੱਟੀ ਵਿਖੇ ਨੌਕਰੀ ਕਰਦਾ ਸੀ। ਸੋਮਵਾਰ ਨੂੰ ਉਹ ਆਪਣੇ ਜੀਜੇ ਗੁਲਜ਼ਾਰ ਸਿੰਘ ਨਾਲ ਕਿਸੇ ਕੰਮ ਪੱਟੀ ਵਿਖੇ ਗਿਅਾ ਹੋਇਆ ਸੀ, ਉਹ ਵਾਪਸੀ ’ਤੇ ਪੀ. ਡਬਲਯੂ. ਡੀ. ਰੈਸਟ ਹਾਊਸ ਪੱਟੀ ਦੇ ਮੇਨ ਗੇਟ ਅੱਗੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਤਿਆਰ ਮੋਟਰਸਾਈਕਲ ’ਤੇ ਪਿੰਡ ਆਉਣ ਲਈ ਖੜ੍ਹੇ ਉਸ ਦੇ ਪਿਤਾ ਪਿੰਡ ਨਾਰਲਾ ਲਈ ਚੱਲ ਪਏ। ਪਿੰਡ ਕੁੱਲਾ ਮਨਿਆਲਾ ਦੇ ਰਸਤੇ ਤੋਂ ਹੁੰਦੇ ਹੋਏ ਜਦੋਂ ਉਹ ਕੱਚਾ ਪੱਕਾ ਦਾਣਾ ਮੰਡੀ ਕੋਲ ਮਨਿਆਲਾ ਦੀ ਵੱਲ ਜਾਂਦੀ ਸਡ਼ਕ ਤੋਂ ਭਿੱਖੀਵਿੰਡ-ਖਾਲਡ਼ਾ ਮੁੱਖ ਮਾਰਗ ’ਤੇ ਚਡ਼੍ਹਨ ਲੱਗੇ ਤਾਂ ਭਿੱਖੀਵਿੰਡ ਦੇ ਵੱਲੋਂ ਆਉਂਦੇ ਹੀਰੋ ਹਾਂਡਾ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 8 ਕੁ ਵਜੇ ਦੇ ਕਰੀਬ ਵਾਪਰੀ ਇਸ ਘਟਨਾ ’ਚ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਕੇ ਸਡ਼ਕ ’ਤੇ ਡਿੱਗ ਪਿਅਾ। ਜਦਕਿ ਦੂਜਾ ਮੋਟਰਸਾਈਕਲ ਚਾਲਕ ਵੀ ਸੱਟਾਂ ਲੱਗਣ ਕਾਰਣ ਜ਼ਖਮੀ ਹੋ ਗਿਆ ਤੇ ਉਸ ਦੇ ਪਿੱਛੇ ਬੈਠੀ ਔਰਤ ਦੇ ਹੱਥਾਂ ਪੈਰਾਂ ’ਤੇ ਮਾਮੂਲੀ ਸੱਟਾਂ ਵੀ ਲੱਗ ਗਈਆਂ। ਹਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੱਚਾ ਪੱਕਾ ਦੇ ਇੰਸਪੈਕਟਰ ਝਿਰਮਲ ਸਿੰਘ ਸਮੇਤ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ, ਜਿਥੇ ਪੁੱਜਣ ’ਤੇ ਡਾਕਟਰਾਂ ਵੱਲੋਂ ਉਸ ਦੇ ਪਿਤਾ ਸੁਖਦੇਵ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਦੂਜੇ ਜ਼ਖਮੀ ਨੂੰ ਇਲਾਜ ਲਈ ਦਾਖਲ ਕਰ ਲਿਆ ਗਿਆ। ਪੁਲਸ ਵੱਲੋਂ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਾਧਾਰ ’ਤੇ ਧਾਰਾ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ। ਜਿਥੇ ਮ੍ਰਿਤਕ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਨਾਰਲਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

Bharat Thapa

This news is Content Editor Bharat Thapa