10 ਘੰਟਿਆਂ ਦੀ ਨਵਜੰਮੀ ਬੱਚੀ ਦੀ ਮਿਲੀ ਮ੍ਰਿਤਕ ਦੇਹ

08/20/2019 11:30:13 PM

ਅੰਮ੍ਰਿਤਸਰ (ਦਲਜੀਤ)— 9 ਮਹੀਨੇ ਕੁੱਖ 'ਚ ਰੱਖਣ ਤੋਂ ਬਾਅਦ ਇਕ ਅਣਪਛਾਤੀ ਔਰਤ ਨੇ 10 ਘੰਟੇ ਦੀ ਨਵਜੰਮੀ ਬੱਚੀ ਨੂੰ ਮਰਨ ਲਈ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੇ ਬਾਹਰ ਸੁੱਟ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੀ ਦੇ ਸਰੀਰ ਨੂੰ ਕੁੱਤੇ ਨੋਚਦੇ, ਇਸ ਤੋਂ ਪਹਿਲਾਂ ਹੀ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਮ੍ਰਿਤਕ ਬੱਚੀ ਦਾ ਸਰੀਰ ਆਪਣੇ ਕਬਜ਼ੇ 'ਚ ਲੈ ਕੇ ਪੁਲਸ ਨੂੰ ਸੂਚਨਾ ਦੇ ਦਿੱਤੀ। ਘਟਨਾ ਤੋਂ ਬਾਅਦ ਮੌਕੇ 'ਤੇ ਮੈਡੀਕਲ ਸੁਪਰਡੈਂਟ ਸਮੇਤ ਪੁਲਸ ਦੇ ਉੱਚ ਅਧਿਕਾਰੀ ਵੀ ਪੁੱਜੇ।
ਮੈਡੀਕਲ ਸੁਪਰਡੈਂਟ ਡਾ. ਜੇ. ਐੱਸ. ਕੁਲਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਜਾਂਚ ਕੀਤੀ ਕਿ ਜੋ ਸੋਮਵਾਰ ਅਤੇ ਮੰਗਲਵਾਰ ਨੂੰ ਜਣੇਪੇ ਹੋਏ, ਉਨ੍ਹਾਂ 'ਚੋਂ ਕਿੰਨੀਆਂ ਲੜਕੀਆਂ ਪੈਦਾ ਹੋਈਆਂ, ਕੀ ਉਹ ਆਪਣੀਆਂ ਮਾਵਾਂ ਕੋਲ ਹਨ। ਜਾਂਚ 'ਚ ਪਾਇਆ ਗਿਆ ਕਿ ਅਜਿਹਾ ਕੋਈ ਵੀ ਕੇਸ ਨਹੀਂ ਹੈ, ਜਿਸ ਨੇ ਇਸ ਨਵਜੰਮੀ ਬੱਚੀ ਨੂੰ ਬਾਹਰ ਸੁੱਟਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਬੱਚੀ ਦਾ ਜਨਮ ਕਰੀਬ 10 ਘੰਟੇ ਪਹਿਲਾਂ ਹੋਇਆ। ਡਾ. ਕੁਲਾਰ ਅਨੁਸਾਰ ਹਸਪਤਾਲ 'ਚ ਡਲਿਵਰੀ ਤੋਂ ਬਾਅਦ ਕਿਸੇ ਨੇ ਵੀ ਇਹ ਬੱਚੀ ਇਥੇ ਨਹੀਂ ਸੁੱਟੀ। ਕੋਈ ਬਾਹਰੀ ਵਿਅਕਤੀ ਇਥੇ ਆਇਆ, ਜਿਸ ਨੇ ਇਹ ਘਟੀਆ ਹਰਕਤ ਕੀਤੀ ਹੈ। ਫਿਲਹਾਲ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ 'ਚ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਕ ਨਵਜੰਮੀ ਬੱਚੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਨੂੰ ਆਵਾਰਾ ਕੁੱਤੇ ਨੋਚ ਕੇ ਖਾ ਗਏ ਸਨ। ਉਸ ਸਮੇਂ ਪੁਲਸ ਨੇ ਘਟਨਾ ਦੀ ਜਾਂਚ ਕਰਨ ਦੀ ਗੱਲ ਕੀਤੀ ਸੀ। ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਉਹ ਬੱਚੀ ਕਿਸ ਦੀ ਸੀ ਤੇ ਕਿਸ ਨੇ ਉਸ ਨੂੰ ਇਥੇ ਸੁੱਟਿਆ ਸੀ।

KamalJeet Singh

This news is Content Editor KamalJeet Singh