ਅੰਮ੍ਰਿਤਸਰ : ਗੁਰੂ ਤੇਗ ਬਹਾਦਰ ਨਗਰ ਦੇ ਫਲੈਟਾਂ ''ਚੋਂ ਮਿਲੀ ਨੌਜਵਾਨ ਦੀ ਲਾਸ਼

07/14/2019 8:31:44 PM

ਅੰਮ੍ਰਿਤਸਰ (ਅਰੁਣ)— ਥਾਣਾ ਮਕਬੂਲਪੁਰਾ ਅਧੀਨ ਪੈਂਦੇ ਗੁਰੂ ਤੇਗ ਬਹਾਦਰ ਨਗਰ ਦੇ ਫਲੈਟਾਂ 'ਚੋਂ ਇਕ 17 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਹੈਪੀ ਪੁੱਤਰ ਨਿਰਵੈਲ ਸਿੰਘ ਵਜੋਂ ਹੋਈ। ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਈਸਟ ਜਸਪ੍ਰੀਤ ਸਿੰਘ ਅਤੇ ਥਾਣਾ ਮਕਬੂਲਪੁਰਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ। ਮ੍ਰਿਤਕ ਦੇ ਮੂੰਹ 'ਚੋਂ ਝੱਗ ਅਤੇ ਖੂਨ ਦਾ ਨਿਕਲਣਾ ਕਿਸੇ ਜ਼ਹਿਰੀਲੇ ਨਸ਼ੇ ਦਾ ਸੇਵਨ ਕਰਨ ਵੱਲ ਸੰਕੇਤ ਦੇ ਰਿਹਾ ਸੀ। ਮ੍ਰਿਤਕ ਦੇ ਪਿਤਾ ਨਿਰਵੈਲ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਹਿਮਾਚਲ ਵਿਖੇ ਕੰਮ ਕਰਦੇ ਹਨ, ਕੁਝ ਦਿਨ ਪਹਿਲਾਂ ਹੀ ਉਹ ਅੰਮ੍ਰਿਤਸਰ ਆਏ ਸਨ। ਬੀਤੇ ਕੱਲ ਉਹ ਵਾਪਸ ਹਿਮਾਚਲ ਚਲੇ ਗਏ ਸਨ ਪਰ ਗੁਰਵਿੰਦਰ ਨਹੀਂ ਗਿਆ ਸੀ, ਅੱਜ ਉਸ ਦੀ ਮੌਤ ਦੀ ਖਬਰ ਸੁਣ ਕੇ ਉਹ ਅੰਮ੍ਰਿਤਸਰ ਪੁੱਜੇ।

ਪੁਲਸ ਦੀ ਨੱਕ ਹੇਠ ਸ਼ਰੇਆਮ ਵਿਕ ਰਿਹਾ ਨਸ਼ਾ
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਨਗਰ ਦੇ ਇਨ੍ਹਾਂ ਫਲੈਟਾਂ 'ਚ ਸ਼ਰੇਆਮ ਸ਼ਰਾਬ ਤੇ ਹੋਰ ਨਸ਼ੇ ਵੇਚੇ ਜਾ ਰਹੇ ਹਨ, ਜੋ ਪੁਲਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਪਹਿਲਾਂ ਵੀ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ ਪਰ ਪੁਲਸ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਕਰਨ ਵਿਚ ਨਾਕਾਮਯਾਬ ਰਿਹਾ।

ਪੋਸਟਮਾਰਟਮ ਰਿਪੋਰਟ ਮਗਰੋਂ ਹੋਵੇਗਾ ਮੌਤ ਦੇ ਕਾਰਨਾਂ ਦਾ ਖੁਲਾਸਾ
ਏ. ਸੀ. ਪੀ. ਈਸਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਪੁਲਸ ਵਿਭਾਗ ਵੱਲੋਂ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਲੋਕ ਨਸ਼ਾ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਇਤਲਾਹ ਪੁਲਸ ਨੂੰ ਦੇਣ, ਜਿਨ੍ਹਾਂ ਖਿਲਾਫ ਯਕੀਨਨ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

KamalJeet Singh

This news is Content Editor KamalJeet Singh