DC ਹਰਪ੍ਰੀਤ ਸੂਦਨ ਨੇ MTP ਸਮੇਤ 3 ਨੂੰ ਕੀਤਾ ਮੁਅੱਤਲ, ਸਾਬਕਾ ਕਮਿਸ਼ਨਰ ਨੇ ਹੁਕਮਾਂ ਨੂੰ ਠਹਿਰਾਇਆ ਗਲਤ

07/07/2022 11:46:10 AM

ਅੰਮ੍ਰਿਤਸਰ (ਰਮਨ/ਸੋਨੀ) - ਰੇਲਵੇ ਸਟੇਸ਼ਨ ਦੇ ਸਾਹਮਣੇ ਕੁਇੰਜ਼ ਰੋਡ ’ਤੇ ਮਈ ਮਹੀਨੇ ਵਿਚ ਹੋਟਲ ਦੀ ਖਸਤਾ ਹਾਲਤ ਵਾਲੀ ਇਮਾਰਤ ਡਿੱਗਣ ਨਾਲ ਕਈ ਮਕਾਨਾਂ ਦੇ ਫਰਸ਼ ਹੇਠਾਂ ਧੱਸ ਜਾਣ ਨੂੰ ਲੈ ਕੇ ਐੱਮ. ਟੀ. ਪੀ. ਵਿਭਾਗ ’ਤੇ ਗਾਜ਼ ਡਿੱਗ ਪਈ ਹੈ। ਡੀ. ਸੀ. ਕਮ-ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਨਗਰ ਨਿਗਮ ਦੇ ਐੱਮ. ਟੀ. ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ, ਏ. ਟੀ. ਪੀ. ਪਰਮਿੰਦਰ ਜੀਤ ਸਿੰਘ, ਸੰਜੀਵ ਦੇਵਗਨ ਅਤੇ ਵਰਿੰਦਰ ਮੋਹਨ ਨੂੰ ਮੁਅੱਤਲ ਕਰ ਦਿੱਤਾ ਗਿਆ। ਮੋਗਾ ਵਿਚ ਤਾਇਨਾਤ ਐੱਮ. ਟੀ. ਪੀ. ਨਰਿੰਦਰ ਸ਼ਰਮਾ ਅਤੇ ਬਿਲਡਿੰਗ ਇੰਸਪੈਕਟਰ ਰਜਤ ਖੰਨਾ ਨੂੰ ਮੁਅੱਤਲ ਕਰਨ ਲਈ ਚੰਡੀਗੜ੍ਹ ਪੱਤਰ ਲਿਖਿਆ ਹੈ। ਉਕਤ ਹੁਕਮ ਜਾਰੀ ਹੋਣ ਤੋਂ ਬਾਅਦ ਸਮੁੱਚੇ ਨਿਗਮ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਐੱਮ. ਟੀ. ਪੀ. ਵਿਭਾਗ ਦੇ ਹੱਕ ’ਚ ਨਿਤਰੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ
ਦੂਜੇ ਪਾਸੇ ਐੱਮ. ਟੀ. ਪੀ. ਵਿਭਾਗ ਦੇ ਹੱਕ ਵਿਚ ਨਿਤਰੇ ਸੀਨੀਅਰ ਡਿਪਟੀ ਮੇਅਰ ਰਮਨ ਬਖਸੀ ਨੇ ਕਿਹਾ ਕਿ ਇਕ ਪਾਸੇ ਹੋਟਲ ਮਾਲਕਾਂ ਤੋਂ 10 ਦਿਨਾਂ ਵਿਚ ਜਵਾਬ ਮੰਗਿਆ ਹੈ, ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਸਸਪੈਂਡ ਕਰ ਦਿੱਤਾ ਗਿਆ, ਜਿਨ੍ਹਾਂ ਦੀ ਕੋਈ ਵੀ ਦਲੀਲ ਨਹੀਂ ਸੁਣੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡੀ. ਸੀ. ਸਾਹਿਬ ਕੋਲ ਕਮਿਸ਼ਨਰ ਨਗਰ ਨਿਗਮ ਦਾ ਵਾਧੂ ਚਾਰਜ ਹੈ ਅਤੇ ਉਨ੍ਹਾਂ ਨੇ ਕਮਿਸ਼ਨਰ ਦੀ ਤਾਕਤ ਦੀ ਵਰਤੋਂ ਕਰਦੇ ਹੋਏ ਐੱਮ. ਟੀ. ਪੀ., ਏ. ਟੀ. ਪੀ. ਨੂੰ ਮੁਅੱਤਲ ਕਰ ਦਿੱਤਾ ਹੈ। ਨਿਯਮਾਂ ਅਨੁਸਾਰ ਸਸਪੈਂਡ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ, ਉਹ ਸਿਰਫ ਸਥਾਨਕ ਸਰਕਾਰਾਂ ਬਾਰੇ ਵਿਭਾਗ ਲਿਖਤੀ ਤੌਰ ’ਤੇ ਪੱਤਰ ਭੇਜ ਸਕਦੇ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਿਗਮ ਦੇ ਅਧਿਕਾਰੀ ਦਹਿਸ਼ਤ ਵਿਚ ਆ ਜਾਣਗੇ ਅਤੇ ਕੋਈ ਕੰਮ ਨਹੀਂ ਕਰੇਗਾ।

ਨਗਰ ਨਿਗਮ ਕਰਮਚਾਰੀਆਂ ਵਿਚ ਦਹਿਸ਼ਤ ਦਾ ਮਾਹੌਲ
ਵਾਟਰ ਸਪਲਾਈ ਸੀਵਰੇਜ ਕਮੇਟੀ ਦੇ ਚੇਅਰਮੈਨ ਮਹੇਸ਼ ਖੰਨਾ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਵਿਚ ਪਿਛਲੇ ਦੋ ਮਹੀਨਿਆਂ ਤੋਂ ਪਹਿਲਾਂ ਹੀ ਬੁਰਾ ਹਾਲ ਹੈ, ਉਪਰੋਂ ਹੁਣ ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਿਗਮ ਵਿਚ ਅਧਿਕਾਰੀ ਪਹਿਲਾਂ ਦਹਿਸ਼ਤ ਦੇ ਸਾਏ ਹੇਠਾਂ ਸੀਟਾਂ ’ਤੇ ਨਹੀਂ ਬੈਠਦੇ ਹਨ। ਖੰਨਾ ਨੇ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਪੱਕੇ ਤੌਰ ’ਤੇ ਕਮਿਸ਼ਨਰ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।

ਕੀ ਕਹਿਣਾ ਹੈ ਕਾਨੂੰਨੀ ਮਾਹਿਰਾਂ ਦਾ?
ਸਾਬਕਾ ਸਹਾਇਕ ਕਮਿਸ਼ਨਰ ਡੀ. ਪੀ. ਗੁਪਤਾ ਨੇ ਦੱਸਿਆ ਕਿ ਡੀ. ਸੀ. ਕਮ-ਕਮਿਸ਼ਨਰ ਨੇ ਜੋ ਐੱਮ. ਟੀ. ਪੀ. ਅਤੇ ਏ. ਟੀ. ਪੀ. ਨੂੰ ਸਸਪੈਂਡ ਕੀਤਾ ਹੈ, ਉਹ ਸਹੀ ਨਹੀਂ ਹੈ। ਉਹ ਮੁਅੱਤਲ ਕਰਨ ਦੀ ਸਿਫਾਰਿਸ਼ ਕਰ ਸਕਦੇ ਸਨ, ਕਿਉਂਕਿ ਇਹ ਅਧਿਕਾਰ ਸਰਕਾਰ ਕੋਲ ਹੈ। 1978 ਐਕਟ ਦੇ ਤਹਿਤ, ਐੱਮ. ਟੀ. ਪੀ. ਅਤੇ ਏ. ਟੀ. ਪੀ. ਨੂੰ ਕੇਵਲ ਡਾਇਰੈਕਟਰ ਅਤੇ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਦੁਆਰਾ ਮੁਅੱਤਲ ਕੀਤਾ ਜਾ ਸਕਦਾ ਹੈ।


rajwinder kaur

Content Editor

Related News