ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਣ ਵਾਲੇ ਸਰਵਨ ਦਾਸ ਨੂੰ 28 ਸਾਲ ਬੀਤਣ ਦੇ ਬਾਵਜੂਦ ਨਹੀਂ ਮਿਲੀ ਸਰਕਾਰੀ ਸਹੂਲਤ

07/16/2021 2:57:14 PM

ਗੁਰਦਾਸਪੁਰ (ਸਰਬਜੀਤ) - ਦੇਸ਼ ਦੀ ਏਕਤਾ ਤੇ ਅਖੰਡਤਾਂ ਨੂੰ ਬਰਕਰਾਰ ਰੱਖਣ ਵਾਲੇ ਸਰਵਨ ਦਾਸ (70) ਨੂੰ 28 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ। ‘ਜਗਬਾਣੀ’ ਨਾਲ ਗੱਲਬਾਤ ਕਰਦਿਆਂ ਸਰਹੱਦੀ ਪਿੰਡ ਚੌਂਤਰਾਂ ਦੇ ਕਿਸਾਨ ਸਰਵਨ ਦਾਸ ਪੁੱਤਰ ਭਗਤ ਰਾਮ ਨੇ ਪੁਰਾਣੀ ਤਹਿਸੀਲ ਕੰਪਲੈਕਸ ਗੁਰਦਾਸਪੁਰ ਵਿਖੇ ਦੱਸਿਆ ਕਿ ਅੱਤਵਾਦ ਦੇ ਕਾਲੇ ਬੱਦਲਾਂ ’ਚ ਜਦੋਂ ਪੰਜਾਬ ’ਚ ਪੂਰਾ ਦਹਿਸ਼ਤ ਦਾ ਮਾਹੌਲ ਸੀ, ਉਸ ਸਮੇਂ ਨਾ ਤਾਂ ਕੋਈ ਪੁਲਸ ਸੀ ਅਤੇ ਨਾ ਪੈਰਾ ਮਿਲਟਰੀ ਫੋਰਸ ਦਾ ਸਹਿਯੋਗ ਕਰਦਾ ਸੀ। ਉਸਨੇ ਦੱਸਿਆ ਕਿ ਉਹ ਆਪਣੇ 4 ਕਨਾਲ 16 ਮਰਲੇ ਵਿੱਚ ਖੇਤਾਂ ’ਚ ਕਣਕ ਬੀਜਣ ਲਈ ਹੱਲ ਚੱਲਾ ਰਿਹਾ ਸੀ। ਮੇਰੀ ਜ਼ਮੀਨ ਹਿੰਦ-ਪਾਕ ਬਾਰਡਰ ’ਤੇ ਸਥਿਤ ਹੈ। ਪਾਕਿਸਤਾਨ ਵੱਲੋਂ ਇੱਕ ਸੁਰੰਗ ਕੱਢੀ ਗਈ ਸੀ, ਜੋ ਮੇਰੀ ਜ਼ਮੀਨ ਦੇ ਰਸਤੇ ਹੋ ਕੇ ਇੱਕ ਪਿੰਡ ਦੇ ਛੱਪੜ ਤੱਕ ਜਾ ਕੇ ਖ਼ਤਮ ਹੁੰਦੀ ਸੀ।

ਉਸ ਨੇ ਕਿਹਾ ਕਿ ਮੈਂ ਜਦੋਂ ਹੱਲ ਚਲਾ ਰਿਹਾ ਸੀ ਤਾਂ ਅਚਾਨਕ ਮੇਰੇ ਬੱਲਦ ਜ਼ਮੀਨ ਵਿੱਚ ਧੱਸ ਗਏ। ਮੈਂ ਰੌਲਾ ਪਾਇਆ, ਜਿਸ ਤੋਂ ਬਾਅਦ ਪਿੰਡ ਦੇ ਲੋਕ ਨਿਸ਼ਾਨ ਸਿੰਘ ਸਰਪੰਚ ਚੌਂਤਰਾ ਆਦਿ ਨੇ ਜ਼ਮੀਨ ਫਰੋਲ ਕੇ ਮੇਰੇ ਬੱਲਦ ਖੇਤਾਂ ’ਚੋਂ ਬਾਹਰ ਕੱਢੇ। ਪਿੰਡ ਦੇ ਭਾਰੀ ਇਕੱਠ ਨੇ ਦੇਖਿਆ ਕਿ ਇਹ ਤਾਂ ਕੋਈ ਦੇਸ਼ ਵਿਰੋਧੀ ਸਾਜਿਸ਼ ਲੱਗਦੀ ਹੈ ਤਾਂ ਪਿੰਡ ਵਾਸੀਆਂ ਨੇ ਮੇਰੇ ਨਾਲ ਰੱਲ ਕੇ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਦੇਖਿਆ ਕਿ ਪਾਕਿਸਤਾਨ ਵੱਲੋਂ ਇੱਕ ਸੁਰੰਗ ਬਣਾਈ ਗਈ ਸੀ, ਜਿਸ ’ਤੇ ਲੱਕੜ ਦੀ ਛੱਤ ਦਾ ਸਹਾਰਿਆ ਲਿਆ ਹੋਇਆ ਸੀ ਤਾਂ ਜੋ ਕੁੱਝ ਅੱਤਵਾਦੀ ਪੰਜਾਬ ਵਿੱਚ ਪ੍ਰਵੇਸ਼ ਹੋ ਕੇ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ। 

ਸਰਵਨ ਦਾਸ ਮੁਤਾਬਕ ਉਸ ਨੇ ਇਸ ਸਬੰਧੀ ਬੀ.ਐਸ.ਐੱਫ ਅਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਇਤਲਾਹ ਦਿੱਤੀ ਤਾਂ ਭਾਰੀ ਸੰਖਿਆ ਵਿੱਚ ਸਮੇਤ ਡਿਪਟੀ ਕਮਿਸ਼ਨਰ ਅਤੇ ਆਲਾ ਅਫ਼ਸਰ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਸੁਰੰਗ ਨਸ਼ਟ ਕਰ ਦਿੱਤੀ। ਮੌਕੇ ’ਤੇ ਆਏ ਆਲਾ ਅਫ਼ਸਰਾਂ ਨੇ ਉਸ ਨੂੰ ਯਕੀਨ ਦਵਾਇਆ ਕਿ ਉਸਨੇ ਦੇਸ਼ ਕੌਮ ਲਈ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਅੱਤਵਾਦ ਖ਼ਿਲਾਫ਼ ਸਾਜਿਸ਼ ਰੱਚਣ ਵਾਲੇ ਪਾਕਿ ਦੀਆਂ ਕੋਝੀਆਂ ਹਰਕਤਾਂ ਨੂੰ ਬੇਨਕਾਬ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਵਿਸ਼ੇਸ਼ ਪੈਨਸ਼ਨ ਲਗਵਾਈ ਜਾਵੇਗੀ ਅਤੇ ਤੇਰੇ ਬੱਚਿਆਂ ਨੂੰ ਦਰਜਾ-ਬ-ਦਰਜਾ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਕਰੀਬ 28 ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨਾ ਤਾਂ ਉਸ ਨੂੰ ਕੋਈ ਪੈਨਸ਼ਨ ਲਗਾਈ ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਉਸ ਨੇ ਇਸ ਸਬੰਧੀ ਪੰਜਾਬ ਦੇ ਸਮੇਂ-ਸਮੇਂ ’ਤੇ ਰਹਿ ਮੁੱਖ ਮੰਤਰੀਆਂ ਨੂੰ ਪੱਤਰ ਭੇਜ ਕੇ ਜਾਣੂ ਕਰਵਾਇਆ ਗਿਆ ਪਰ ਅੱਜ ਕਿਸੇ ਨੇ ਵੀ ਮੇਰੀ ਸਾਰ ਨਹੀਂ ਲਈ।

ਉੱਧਰ ਸਰਵਨ ਦਾਸ ਦੀ ਪਤਨੀ ਬਚਨੀ (65) ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਉਜਵਲਾ ਸਕੀਮ ਤਹਿਤ ਮਿਲਣ ਵਾਲੇ ਗੈਸ ਸਿਲੰਡਰ ਵੀ ਨਹੀਂ ਦਿੱਤੇ, ਜਿਸ ਕਰਕੇ ਅਸੀਂ ਇਸ ਸਹੂਲਤ ਤੋਂ ਵੀ ਵਾਂਝੇ ਹਾਂ। ਜੇਕਰ ਮੇਰੇ ਪਤੀ ਨੇ ਆਪਣੀ ਜਾਨ ਖ਼ਤਰੇ ’ਚ ਪਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ’ਚ ਅਹਿਮ ਰੋਲ ਅਦਾ ਕੀਤਾ ਹੈ ਤਾਂ ਫਿਰ ਸਾਡੇ ਨਾਲ ਕੋਝਾ ਮਜ਼ਾਕ ਸਰਕਾਰ ਵੱਲੋਂ ਕਿਉਂ ਕਰ ਰਹੀ ਹੈ? ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਤੁਸੀ ਵੀ ਦੇਸ਼ ਕੌਮ ਦੀ ਰਾਖੀ ਲਈ ਫੌਜ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਮੈਂ ਵੀ ਆਪਣਾ ਜੀਵਨ ਸੁੱਚਜੇ ਢੰਗ ਨਾਲ ਵਤੀਤ ਕਰ ਸਕੇ।    


rajwinder kaur

Content Editor

Related News