ਕੋਰੋਨਾ ਵਾਇਰਸ ਤੋਂ ਘੱਟ ਖਤਰਨਾਕ ਨਹੀਂ ਭਗਤਾਂ ਵਾਲਾ ਕੂੜੇ ਦਾ ਡੰਪ

03/24/2020 1:13:03 AM

ਅੰਮ੍ਰਿਤਸਰ,(ਛੀਨਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗੰਭੀਰ ਦਿਖ ਰਹੀ ਕੈਪਟਨ ਸਰਕਾਰ ਵਲੋਂ ਲੋਕਾਂ ਲਈ ਕਈ ਤਰਾਂ ਦੀਆਂ ਹਦਾਇਤਾਂ ਜਾਰੀ ਕਰਨ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ, ਜੋ ਕਿ ਸਮੇਂ ਦੇ ਹਾਲਾਤ ਮੁਤਾਬਕ ਬਿਲਕੁਲ ਸਹੀ ਕਦਮ ਹਨ। ਇਸ ਦੌਰਾਨ ਸਭ ਤੋਂ ਜਿਆਦਾ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਹਲਕਾ ਦੱਖਣੀ 'ਚ ਭਗਤਾਂ ਵਾਲਾ ਕੂੜੇ ਦਾ ਡੰਪ ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਭਿਆਨਕ ਬਿਮਾਰੀਆ ਦੀ ਲਪੇਟ 'ਚ ਹਨ ਤੇ ਹਰ ਸਾਲ ਅਣਗਿਣਤ ਮੌਤਾਂ ਵੀ ਹੁੰਦੀਆਂ ਹਨ ਪਰ ਕਦੇ ਵੀ ਕੈਪਟਨ ਸਰਕਾਰ ਇਸ ਡੰਪ ਪ੍ਰਤੀ ਗੰਭੀਰ ਦਿਖਾਈ ਨਹੀ ਦਿਤੀ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤੇ ਯੂਥ ਅਕਾਲੀ ਦਲ ਬਾਦਲ ਕੌਰ ਕਮੇਟੀ ਦੇ ਮੈਂਬਰ ਤਲਬੀਰ ਸਿੰਘ ਗਿੱਲ ਨੇ ਅੱਜ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਭਗਤਾਂ ਵਾਲੇ ਕੂੜੇ ਦੇ ਡੰਪ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਜਾ ਕੇ ਕਦੇ ਪੁੱਛੋ ਉਨ੍ਹਾਂ ਲਈ ਕੋਰੋਨਾ ਵਾਇਰਸ ਨਾਲੋ ਜ਼ਿਆਦਾ ਖਤਰਨਾਕ ਇਹ ਕੂੜੇ ਦੇ ਡੰਪ ਹਨ। ਜਿਸ ਨੂੰ ਸ਼ਹਿਰ ਤੋਂ ਬਾਹਰ ਕੱਢਣ ਲਈ ਉਹ ਹੁਣ ਤੱਕ ਕਈ ਵਾਰ ਧਰਨੇ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਪੱਲੇ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਨਹੀ ਪਾਇਆ ਗਿਆ। ਗਿੱਲ ਨੇ ਆਖਿਆ ਕਿ ਕੂੜੇ ਦੇ ਡੰਪ ਨੇੜਲੇ ਇਲਾਕਿਆਂ ਦਾ ਮੈਂ ਖੁਦ ਕਈ ਵਾਰ ਦੌਰਾ ਕਰ ਚੁੱਕਾ ਹਾਂ, ਜਿਥੇ ਗੰਦਗੀ ਦੀ ਏਨੀ ਜਿਆਦਾ ਬਦਬੂ ਆਉਂਦੀ ਹੈ ਕਿ ਕੁਝ ਪਲ ਖਲੋਣਾ ਵੀ ਅੋਖਾ ਹੁੰਦਾ ਹੈ ਪਰ ਧੰਨ ਹਨ ਇਲਾਕਾ ਨਿਵਾਸੀ ਜਿਹੜੇ ਸਾਲਾਂ ਤੋਂ ਨਰਕ 'ਚ ਜ਼ਿੰਦਗੀ ਬਤੀਤ ਕਰ ਰਹੇ ਹਨ। ਗਿੱਲ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਵਿਧਾਇਕ ਨੇ ਇਸ ਕੂੜੇ ਦੇ ਡੰਪ 'ਤੇ ਰਾਜਨੀਤੀ ਕਰਦਿਆਂ ਲੰਮਾ ਸਮਾਂ ਲੋਕਾ ਦਾ ਧਰਨਾ ਲਗਵਾਇਆ ਸੀ ਤੇ ਫਿਰ ਚੋਣਾ 'ਚ ਇਲਾਕਾ ਨਿਵਾਸੀਆ ਨਾਲ ਵਾਅਦਾ ਵੀ ਕੀਤਾ ਸੀ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਦਿਆ ਹੀ ਇਸ ਕੂੜੇ ਦੇ ਡੰਪ ਨੂੰ ਹਰ ਹੀਲੇ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ ਪਰ ਕਾਂਗਰਸ ਸਰਕਾਰ ਦੇ 3 ਸਾਲ ਬੀਤ ਜਾਣ ਤੋਂ ਬਾਅਦ ਵੀ ਡੰਪ ਉਥੇ ਹੀ ਮੌਜੂਦ ਹਨ ਤੇ ਰੋਜ਼ਾਨਾ 800 ਟਨ ਸ਼ਹਿਰ ਦਾ ਕੂੜਾ ਆਉਣ ਕਾਰਨ ਡੰਪ 'ਤੇ ਹਾਲਾਤ ਦਿਨੋ ਦਿਨ ਹੋਰ ਭਿਆਨਕ ਹੁੰਦੇ ਜਾ ਰਹੇ ਹਨ। ਸ.ਗਿੱਲ ਨੇ ਆਖੀਰ 'ਚ ਕਾਂਗਰਸ ਸਰਕਾਰ ਨੂੰ ਹਿਲੂਣਾ ਦਿੰਦਿਆਂ ਆਖਿਆ ਕਿ ਕੂੜੇ ਦਾ ਡੰਪ ਕੋਰੋਨਾ ਵਾਇਰਸ ਤੋਂ ਘੱਟ ਖਤਰਨਾਕ ਨਹੀਂ ਜਿਹੜਾ ਹੋਲੀ-ਹੋਲੀ ਇਲਾਕੇ ਦੇ ਲੋਕਾਂ ਨੂੰ ਨਿਗਲ ਰਿਹਾ ਹੈ, ਜਿਸ ਤੋਂ ਲੋਕਾਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ ਨਹੀ ਤਾਂ ਆਉਣ ਵਾਲੇ ਸਮੇਂ 'ਚ ਇਹ ਵੀ ਮਹਾਮਾਰੀ ਦਾ ਰੂਪ ਧਾਰਨ ਕਰ ਲਵੇਗਾ।


Deepak Kumar

Content Editor

Related News