ਹਲਕਾ ਪੱਛਮੀ ਤੋਂ ਵਿਧਾਇਕ ਡਾ. ਸੰਧੂ ਦੇ ਭਰਾ ਨੇ ਪਾਵਰਕਾਮ ਦੀ ਮਹਿਲਾ JE ਨੂੰ ਦਿੱਤੀ ਤਬਾਦਲੇ ਦੀ ਧਮਕੀ

05/28/2022 2:23:20 PM

ਅੰਮ੍ਰਿਤਸਰ (ਰਮਨ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਿਛਲੇ ਦਿਨੀਂ ਇਕ ਹੁਕਮ ਜਾਰੀ ਕੀਤਾ ਗਿਆ ਸੀ ਕਿ ‘ਆਪ’ ਵਿਧਾਇਕਾਂ ਦੇ ਰਿਸ਼ਤੇਦਾਰ ਸਰਕਾਰੀ ਕੰਮਾਂ ਵਿਚ ਦਖ਼ਲ ਨਹੀਂ ਦੇਣਗੇ। ਕੁਝ ਵਿਧਾਇਕਾਂ ਦੇ ਰਿਸ਼ਤੇਦਾਰ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਸਰਕਾਰੀ ਅਫ਼ਸਰਾਂ ਨੂੰ ਫੋਨ ’ਤੇ ਬਦਲੀਆਂ ਦੀਆਂ ਧਮਕੀਆਂ ਦੇ ਕੇ ਆਪਣੇ ਸਿਆਸੀ ਅਸਰ ਰਸੂਖ ਰਹੀ ਸਰਕਾਰੀ ਕੰਮਾਂ ਨੂੰ ਕਰਵਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਉਦੋਂ ਸਾਹਮਣੇ ਆਇਆ, ਜਦੋਂ ਇਕ ਵਿਧਾਇਕ ਦੇ ਭਰਾ ਵਲੋਂ ਪਾਵਰਕਾਮ ਦੀ ਮਹਿਲਾ ਜੇ. ਈ. ਨੂੰ ਤਬਾਦਲੇ ਸਬੰਧੀ ਧਮਕੀ ਦੇ ਕੇ ਸਰਕਾਰੀ ਕੰਮ ਕਰਵਾਉਣ ਵਿਚ ਦਖਲਅੰਦਾਜ਼ੀ ਕੀਤੀ ਗਈ।

ਜਾਣਕਾਰੀ ਅਨੁਸਾਰ ਇਸ ਧਮਕੀ ਦੀ ਸ਼ੋਸਲ ਮੀਡੀਆ ’ਤੇ ਆਡੀਓ ਰਿਕਾਰਡਿੰਗ ਵਾਇਰਲ ਹੋ ਗਈ ਹੈ। ਇਸ ਆਡੀਓ ਵਿਚ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੇ ਭਰਾ ਪਾਵਰਕਾਮ ਦੀ ਮਹਿਲਾ ਜੇ. ਈ. ਅਵਨੀਤ ਕੌਰ ਇਹ ਕਹਿ ਰਹੇ ਹਨ ਕਿ ‘ਮੈਂ ਦਵਿੰਦਰ ਸਿੰਘ ਬੋਲ ਰਿਹਾ ਹਾਂ, ਡਾ. ਜਸਬੀਰ ਸਿੰਘ ਐੱਮ. ਐੱਲ. ਏ ਦਾ ਭਰਾ, ਮੇਰਾ ਨੰਬਰ ਕਰ ਲਓ ਸੇਵ’’, ਬਾਅਦ ਵਿਚ ਨਾ ਬਦਲੀ ਬਾਰੇ ਕਹਿਣਾ, ਇਹੋ ਜਿਹੀ ਜਗ੍ਹਾ ’ਤੇ ਸੁੱਟਾਂਗੇ?। ਆਡੀਓ ’ਚ ਉਹ ਇਹ ਵੀ ਕਹਿ ਰਹੇ ਹਨ ਕਿ ਤੁਹਾਨੂੰ ਦੱਸਿਆ ਗਿਆ ਕਿ ਸਾਹਿਬ ਸਿੰਘ ਨਾਂ ਦੇ ਵਿਅਕਤੀ ਦਾ ਮੀਟਰ ਲਾਉਣਾ ਹੈ। ਮਹਿਲਾ ਜੇ. ਈ. ਉਨ੍ਹਾਂ ਨੂੰ ਕਹਿ ਰਹੀ ਹੈ ਕਿ ਮੀਟਰ ਲਾਉਣ ਵਾਲੀ ਤੁਸੀਂ ਸਲਿੱਪ ਭੇਜ ਦਿਓ, ਮੈਂ ਦੇਖ ਲੈਂਦੀ ਹਾ, ਤਾਂ ਵੀ ਵਿਧਾਇਕ ਡਾ. ਸੰਧੂ ਦਾ ਭਰਾ ਦਵਿੰਦਰ ਸਿੰਘ ਇਕ ਹੀ ਗੱਲ ਕਹਿ ਰਿਹਾ ਹੈ ਕਿ ਸਭ ਤੋਂ ਪਹਿਲਾਂ ਮੇਰਾ ਨੰਬਰ ਸੇਵ ਕਰੋ, ਦਵਿੰਦਰ ਸਿੰਘ ਮੇਰਾ ਨਾਂ ਹੈ ਅਤੇ ਐੱਮ. ਐੱਲ. ਏ. ਡਾ ਜਸਬੀਰ ਸਿੰਘ ਸੰਧੂ ਦਾ ਭਰਾ ਹਾਂ।

ਦੂਸਰੇ ਪਾਸੇ ਮਹਿਲਾ ਜੇ. ਈ. ਅਵਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਸਬੰਧੀ ਐੱਸ. ਡੀ. ਓ. ਨੀਰਜ ਸ਼ਰਮਾ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨਾਲ ਫੋਨ ’ਤੇ ਗੱਲ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਵਾਇਰਲ ਆਡੀਓ ਦੇ ਵਿਰੋਧ ’ਚ ਆਇਆ ਪੀਡ਼ਤ ਪਰਿਵਾਰ ਅਤੇ ਡਾ. ਸੰਧੂ ਦੇ ਸਮੱਰਥਕ
ਹਲਕਾ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੇ ਭਰਾ ਦਵਿੰਦਰ ਸਿੰਘ ਨਾਲ ਜੇ. ਈ. ਮਹਿਲਾ ਨਾਲ ਹੋਈ ਗੱਲਬਾਤ ਦੀ ਵਾਇਰਲ ਹੋਈ ਆਡੀਓ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਡਾ. ਜਸਬੀਰ ਸਿੰਘ ਸੰਧੂ ਦੇ ਹੱਕ ਵਿਚ ਆਏ। ਉਨ੍ਹਾਂ ਨੇ ਇਸ ਨੂੰ ਭਾਜਪਾ ਆਗੂਆਂ ਦੀ ਸ਼ਰਾਰਤ ਦੱਸਿਆ। ‘ਆਪ’ ਵਰਕਰ ਪੂਜਾ, ਪ੍ਰਿਤਪਾਲ ਸਿੰਘ ਵੜੈਚ, ਹਰੀਸ਼ ਬੱਬਰ ਅਤੇ ਪੀੜਤ ਪਰਿਵਾਰ ਵਲੋਂ ਜਿੱਥੇ ਡਾ. ਜਸਬੀਰ ਸਿੰਘ ਸੰਧੂ ਵਲੋਂ ਦਿਨ ਰਾਤ ਆਪਣੇ ਹਲਕੇ ਦੇ ਲੋਕਾਂ ਲਈ ਕਰਵਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਨੇ ਭਾਜਪਾ ਆਗੂਆਂ ਵਲੋਂ ਇਸ ਆਡੀਓ ਨੂੰ ਵਾਇਰਲ ਕਰ ਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ ਦੱਸਿਆ। 

ਪੀੜਤ ਪਰਿਵਾਰ ਦੀ ਮਹਿਲਾ ਜਿਸ ਦੇ ਘਰ ਮੀਟਰ ਨਹੀਂ ਲੱਗ ਰਿਹਾ ਉਸ ਦਾ ਕਹਿਣਾ ਸੀ ਕਿ ਉਸ ਦੇ ਘਰ ਵਿਚ ਵਿਦੇਸ਼ ਤੋਂ ਮਹਿਮਾਨ ਕਰੀਬ 15 ਦਿਨਾਂ ਤੋਂ ਹੋਏ ਹਨ ਅਤੇ ਮੀਟਰ ਨਾ ਲੱਗਣ ਕਾਰਨ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੇ ਹਲਕਾ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਭਰਾ ਨਾਲ ਸੰਪਰਕ ਕੀਤਾ। ਪੀੜਤ ਪਰਿਵਾਰ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਗਰਮੀ ਦੇ ਦਿਨਾਂ ਵਿਚ ਬਿਜਲੀ ਨਾ ਆਵੇ ਤਾਂ ਉਹ ਕੀ ਕਰਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵਲੋਂ ਆਪਣੀ ਗਲਤੀ ਨੂੰ ਲੁਕਾਉਣ ਲਈ ਜਾਣਬੁੱਝ ਕੇ ਇਹ ਆਡੀਓ ਵਾਇਰਲ ਕੀਤੀ ਗਈ ਹੈ।


rajwinder kaur

Content Editor

Related News