ਕਾਂਗਰਸ ਸਰਕਾਰ ਨੂੰ ਮਜੀਠਾ ਹਲਕੇ ਦੇ ਲੋਕਾਂ ਨੇ ਦਿੱਤਾ ਕਰਾਰਾ ਜਵਾਬ : ਮਜੀਠੀਆ

09/22/2018 11:30:36 PM

ਅੰਮ੍ਰਿਤਸਰ/ਚੰਡੀਗੜ੍ਹ,(ਅਸ਼ਵਨੀ)- ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹਲਕਾ ਮਜੀਠਾ 'ਚੋਂ ਅਕਾਲੀ ਉਮੀਦਵਾਰਾਂ ਨੂੰ ਮਿਲੀ ਹੂੰਝਾਫੇਰੂ ਕਾਮਯਾਬੀ ਲਈ ਹਰ ਤਰ੍ਹਾਂ ਦੀ ਧੱਕੇਸ਼ਾਹੀ ਅਤੇ ਦਬਾਅ ਅੱਗੇ ਨਾ ਝੁਕਦਿਆਂ ਲੋਕਤੰਤਰ ਨੂੰ ਬਚਾਉਣ 'ਚ ਪਾਏ ਗਏ ਵੱਡੇ ਯੋਗਦਾਨ ਲਈ ਜੁਝਾਰੂ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਜਿੱਤ ਸੱਤਾਧਾਰੀ ਪਾਰਟੀ ਦੀ ਝੋਲੀ ਪੈਂਦੀ ਰਹੀ ਹੈ ਪਰ ਇਹ ਇਤਿਹਾਸ 'ਚ ਪਹਿਲੀ ਵਾਰ ਦੇਖਣ 'ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਚਾਰੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 'ਚੋਂ 28 ਸੀਟਾਂ 'ਤੇ ਅਕਾਲੀ ਦਲ ਨੂੰ ਇਕਤਰਫਾ ਤੇ ਸ਼ਾਨਦਾਰ ਇਤਿਹਾਸਕ ਜਿੱਤ ਦਿਵਾ ਕੇ ਉਕਤ ਧਾਰਨਾ ਦਾ ਭੋਗ ਪਾ ਦਿੱਤਾ ਹੈ। ਅਕਾਲੀ ਦਲ ਨੂੰ ਮਜੀਠਾ 'ਚ ਮਿਲੀ ਵੱਡੀ ਸਫਲਤਾ ਤੋਂ ਖੁਸ਼ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਝੂਠ ਬੋਲ ਕੇ ਸੱਤਾ 'ਤੇ ਕਾਬਜ਼ ਹੋਣ ਉਪਰੰਤ ਕੁਲ ਵਾਅਦਿਆਂ ਨੂੰ ਵਿਸਾਰ ਦੇਣ, ਪੈਨਸ਼ਨ, ਸ਼ਗਨ ਸਕੀਮ, ਬਿਜਲੀ ਮਹਿੰਗੀ ਕਰਨ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀਆਂ 'ਤੇ ਉੱਤਰੀ ਕਾਂਗਰਸ ਸਰਕਾਰ ਨੂੰ ਮਜੀਠਾ ਹਲਕੇ ਨੇ ਕਰਾਰਾ ਜਵਾਬ ਦਿੱਤਾ ਹੈ।