ਮਾਮਲਾ ਸ਼ਿਵ ਸੈਨਾ ਨੇਤਾ ’ਤੇ ਹੋਏ ਹਮਲੇ ਦਾ : ਨਿਰਪੱਖ ਜਾਂਚ ਲਈ ਸੂਰੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

04/12/2021 3:52:00 PM

ਅੰਮ੍ਰਿਤਸਰ (ਜ. ਬ.)-ਸ਼ਿਵ ਸੈਨਾ ਨੇਤਾ ਸੁਧੀਰ ਕੁਮਾਰ ਸੂਰੀ ਅਤੇ ਉਸ ਦੀ ਸਾਈਂ ਟਰੈਵਲ ਬੱਸ ’ਤੇ ਹਮਲਾ ਕਰਨ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ। ਇਸ ਸਬੰਧ ’ਚ ਪੰਜਾਬ ਪੁਲਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪਰ ਸੁਧੀਰ ਸੂਰੀ ਨੇ ਮੁਲਜ਼ਮਾਂ ਨੂੰ ਇਕ ਭਾਜਪਾ ਨੇਤਾ ਵੱਲੋਂ ਹਿਫਾਜ਼ਤ ਦੇਣ ਵਰਗੇ ਗੰਭੀਰ ਦੋਸ਼ ਲਾਏ ਹਨ। ਇਸ ਸਬੰਧ ’ਚ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਾਰੇ ਮਾਮਲੇ ਦੀ ਨਿਰਪੱਖ ਤੌਰ ’ਤੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਸਬੰਧੀ ਇਕ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ’ਚ ਸੂਰੀ ਨੇ ਕਿਹਾ ਕਿ ਇਹ ਸਾਰਾ ਹਮਲਾ ਇਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹੈ। ਇਸ ਮਾਮਲੇ ਅਧੀਨ ਉਨ੍ਹਾਂ ਨੇ ਪੁਲਸ ਨੂੰ 4 ਮੁਲਜ਼ਮ ਕੁਨਾਲ, ਕਰਨਬੀਰ, ਲਵਤੇਜ ਅਤੇ ਵਿਨੈ ਕੋਚ ਫੜ ਕੇ ਸੌਂਪੇ। ਉਨ੍ਹਾਂ ਅੱਗੇ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੁਲਜ਼ਮ ਵਿਨੈ ਕੋਚ ਇਕ ਯੋਜਨਾਬੱਧ ਤਰੀਕੇ ਤਹਿਤ ਪੁਲਸ ਦੀ ਕਸਟੱਡੀ ’ਚੋਂ ਭੱਜ ਗਿਆ ਅਤੇ ਉਹ ਅਜੇ ਵੀ ਖੁੱਲ੍ਹੇਆਮ ਘੁੰਮ ਰਿਹਾ ਹੈ। ਉਨ੍ਹਾਂ ਸਿੱਧੇ ਤੌਰ ’ਤੇ ਇਕ ਭਾਜਪਾ ਨੇਤਾ ’ਤੇ ਦੋਸ਼ ਲਾਇਆ ਹੈ ਕਿ ਉਹ ਨੇਤਾ ਮੁਲਜ਼ਮਾਂ ਨੂੰ ਬਚਾਉਣ ’ਚ ਲੱਗਾ ਹੋਇਆ ਹੈ ਅਤੇ ਮੁਲਜ਼ਮ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਭਾਵੇਂ ਇਸ ਸਾਰੇ ਮਾਮਲੇ ਸਬੰਧੀ ਪੁਲਸ ਨੇ 10 ਅਪ੍ਰੈਲ ਨੂੰ ਐੱਫ. ਆਈ. ਆਰ. ਨੰਬਰ 0089 ਦਰਜ ਕਰ ਦਿੱਤੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਹੋਰ ਜਾਂਚ ਕਰਨ ਦੀ ਬਜਾਏ ਪੁਲਸ ਨੇ ਬਾਕੀ ਦੇ ਤਿੰਨ ਮੁਲਜ਼ਮਾਂ ਨੂੰ ਸਿਰਫ ਇਕ ਦਿਨ ਦਾ ਰਿਮਾਂਡ ਲੈਂਦਿਆਂ 14 ਦਿਨਾਂ ਲਈ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ। ਉਨ੍ਹਾਂ ਉਕਤ ਭਾਜਪਾ ਨੇਤਾ ਅਤੇ ਪੁਲਸ ਪ੍ਰਸ਼ਾਸਨ ’ਤੇ ਸਿੱਧੇ ਤੇ ਅਸਿੱਧੇ ਢੰਗ ਨਾਲ ਸਮਰਥਨ ਦੇਣ ਦਾ ਦੋਸ਼ ਲਾਇਆ ਹੈ ਅਤੇ ਨਾਲ ਹੀ ਮੁੱਖ ਮੰਤਰੀ ਤੋਂ ਸਿੱਧੇ ਤੌਰ ’ਤੇ ਮੰਗ ਕੀਤੀ ਹੈ ਕਿ ਇਹ ਸਾਰਾ ਮਾਮਲਾ ਇਕ ਈਮਾਨਦਾਰ ਉੱਚ ਅਧਿਕਾਰੀ ਨੂੰ ਸੌਂਪਿਆ ਜਾਵੇ, ਜੋ ਇਸ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰ ਕੇ ਸਾਰੀ ਸੱਚਾਈ ਸਾਹਮਣੇ ਲਿਆ ਸਕੇ ।


Anuradha

Content Editor

Related News