ਕੈਂਟਰ ਖਾਲੀ ਕਰਵਾਉਣ ਦਾ ਕਹਿਣ ’ਤੇ ਡਰਾਈਵਰ ’ਤੇ ਢਾਹਿਆ ਕਹਿਰ, ਬੇਰਹਿਮੀ ਨਾਲ ਕੀਤੀ ਕੁੱਟਮਾਰ

07/13/2022 12:47:19 PM

ਅੰਮ੍ਰਿਤਸਰ (ਅਰੁਣ) - ਪਿਛਲੇ 5 ਦਿਨਾਂ ਤੋਂ ਸ਼ਰਾਬ ਫੈਕਟਰੀ ਵਿਚ ਰੁਕੇ ਕੈਂਟਰ ਚਾਲਕ ਵਲੋਂ ਆਪਣਾ ਕੈਂਟਰ ਜਲਦੀ ਅਨਲੋਡ ਕਰਵਾਉਣ ਦਾ ਕਹਿਣ ’ਤੇ ਫੈਕਟਰੀ ਦੇ ਜੀ. ਐੱਮ. ਵਲੋਂ ਆਪਣਾ ਤਾਨਾਸ਼ਾਹੀ ਰਵੱਈਆ ਅਪਣਾਉਦਿਆਂ ਕੈਂਟਰ ਚਾਲਕ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਵਾਉਣੀ ਸ਼ੁਰੂ ਕਰ ਦਿੱਤੀ। ਇਸ ਕੁੱਟਮਾਰ ਤੋਂ ਬਾਅਦ ਫੈਕਟਰੀ ਵਿਚ ਮੌਜੂਦ ਹੋਰ ਟਰੱਕ ਡਰਾਈਵਰ ਵੀ ਬੁਰੀ ਤਰ੍ਹਾਂ ਸਹਿਮ ਗਏ। ਫੈਕਟਰੀ ਦੇ ਗਾਰਡਾਂ ਵਲੋਂ ਕੈਂਟਰ ਚਾਲਕ ਜਗਦੀਸ਼ ਕੁਮਾਰ ਵਾਸੀ ਰੋਪੜ ਦੇ ਨਾਲ ਇਸ ਤਰ੍ਹਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਦੀ ਕੁਰਲਾਹਟ ਦੂਰ-ਦੂਰ ਤੱਕ ਸੁਣਾਈ ਦਿੱਤੀ। 

ਫੈਕਟਰੀ ਵਿਚ ਹੀ ਮੌਜੂਦ ਕਿਸੇ ਡਰਾਇਵਰ ਵਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜ਼ਖ਼ਮੀ ਕੈਂਟਰ ਚਾਲਕ ਜੋ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਦੱਸਿਆ ਜਾ ਰਿਹਾ ਹੈ। ਪਿਛਲੇ ਕਰੀਬ 5 ਦਿਨਾਂ ਤੋਂ ਸ਼ਰਾਬ ਫੈਕਟਰੀ ਵਿਚ ਪੁੱਜਾ ਕੈਂਟਰ ਚਾਲਕ ਜਗਦੀਸ਼ ਕੁਮਾਰ ਜੋ ਪ੍ਰਬੰਧਕਾਂ ਨੂੰ ਆਪਣਾ ਕੈਂਟਰ ਜਲਦੀ ਅਨਲੋਡ ਕਰਨ ਬਾਰੇ ਕਹਿ ਰਿਹਾ ਸੀ ਕਿ ਫੈਕਟਰੀ ਦਾ ਜੀ. ਐੱਮ. ਆਪਣੇ ਹੋਰ ਮੁਲਾਜ਼ਮਾਂ ਸਮੇਤ ਉਥੇ ਪੁੱਜਿਆ ਅਤੇ ਉਸ ਦੇ ਨਾਲ ਗਾਲ-ਮੰਦਾ ਕਰਨ ਲੱਗ ਪਿਆ ਅਤੇ ਗਾਰਡ ਬੁਲਾ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਵਾਈ ਗਈ।

‘ਮੈਡੀਕਲ ਰਿਪੋਰਟ ਆਉਣ ’ਤੇ ਜੁਰਮ ’ਚ ਹੋਰ ਵਾਧਾ ਕੀਤਾ ਜਾ ਸਕਦੈ’
ਖਾਸਾ ਚੌਕੀ ਇੰਚਾਰਜ ਵਿਕਟਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੈਂਟਰ ਚਾਲਕ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਖਾਸਾ ਡਿਸਵਲਰੀ ਦੇ ਜੀ. ਐੱਮ. ਸੰਦੀਪ ਸ਼ਰਮਾ ਸਮੇਤ 3 ਹੋਰ ਸਕਿਉਰਿਟੀ ਗਾਰਡਾਂ ਖ਼ਿਲਾਫ਼ ਧਾਰਾ 323 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ’ਤੇ ਜੁਰਮ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ।

rajwinder kaur

This news is Content Editor rajwinder kaur