ਅੱਤਵਾਦੀਆਂ ਨਾਲ ਨਜਿੱਠਣ ਲਈ ਜ਼ਿਲਾ ਪੁਲਸ ਵਰਤੇਗੀ ਬੁਲੇਟ ਪਰੂਫ ਵਾਹਨ

01/16/2019 4:39:21 AM

ਤਰਨਤਾਰਨ,   (ਰਮਨ)-  ਪੁਲਸ ਜ਼ਿਲਾ ਤਰਨਤਾਰਨ ’ਚ ਸੰਨ 1980 ਤੋਂ ਸ਼ੁਰੂ ਹੋਏ ਅੱਤਵਾਦ ਦੇ ਕਾਲੇ ਦਿਨਾਂ ਨੇ ਕਈਆਂ ਦੇ ਘਰ ਤਬਾਹ ਕਰ ਦਿੱਤੇ ਤੇ ਕਈਆਂ ਨੂੰ ਦੂਸਰੇ ਰਾਜਾਂ ਵਿਚ ਜਾਣ ਲਈ ਮਜਬੂਰ ਕਰ ਦਿੱਤਾ ਸੀ। ਇਸ ਦੌਰਾਨ ਰੋਜ਼ਾਨਾ ਹੀ ਕਿਸੇ ਨਾ ਕਿਸੇ ਥਾਂ ’ਤੇ ਗੋਲੀ-ਬਾਰੀ ਤੇ ਬੰਬ ਬਲਾਸਟ ਹੋਣ ਨਾਲ ਕਿਸੇ ਨਾ ਕਿਸੇ ਦੀਆਂ ਮੌਤਾਂ ਹੋਣ ਦੇ ਸਮਾਚਾਰ ਸੁਣਦੇ ਹੀ ਹਡ਼ਤਾਲਾਂ ਹੋ ਜਾਂਦੀਆਂ। ਇਨ੍ਹਾਂ ਮਾਡ਼ੇ ਦਿਨਾਂ ਦੇ ਸੰਤਾਪ ਝੱਲਣ ਉਪਰੰਤ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਦਿੱਤੇ ਸਖ਼ਤ ਆਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਡੀ. ਜੀ. ਪੀ. ਪੰਜਾਬ ਪੁਲਸ ਕੇ. ਪੀ. ਐੱਸ. ਗਿੱਲ ਨੇ ਅੱਤਵਾਦ ਨੂੰ ਖਤਮ ਕਰਨ ਲਈ ਵਿਸ਼ੇਸ਼ ਬੁਲੇਟ ਪਰੂਫ ਵਾਹਨਾਂ ਲਈ ਕਰੋਡ਼ਾਂ ਰੁਪਏ ਖਰਚ ਕਰਦੇ ਹੋਏ ਤਿਆਰ ਕਰਵਾਏ ਗਏ, ਜਿਸ ਦੀ ਵਿਸ਼ੇਸ਼ ਮਦਦ ਨਾਲ ਅੱਤਵਾਦ ਨਾਲ ਮੁਕਾਬਲਾ ਕਰਦੇ ਹੋਏ ਸੰਨ 1994 ’ਚ ਪੰਜਾਬ ਨੂੰ ਅੱਤਵਾਦ ਤੋਂ ਮੁਕਤ ਕਰਵਾ ਦਿੱਤਾ ਗਿਆ। ਹੁਣ ਦੁਬਾਰਾ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਕੀਤੀਆਂ ਜਾਂਦੀਆਂ ਅੱਤਵਾਦ ਫੈਲਾਉਣ ਦੀਆਂ ਹਰਕਤਾਂ ਨਾਲ ਦੇਸ਼ ਵਿਚ ਵੈਰ-ਵਿਰੋਧ ਪੈਦਾ ਕਰਨ ਦੀ ਰਾਜਨੀਤੀ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਨਿਪਟਣ ਲਈ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲਾ ਤਰਨਤਾਰਨ ਨੂੰ ਇਕ ਬੁਲੇਟ ਪਰੂਫ ਬਖਤਰਬੰਦ ਟਰੱਕ, ਇਕ ਸਕਾਰਪੀਓ ਅਤੇ ਤਿੰਨ ਟਰੈਕਟਰ ਸੌਂਪ ਦਿੱਤੇ ਹਨ, ਜੋ ਸਰਹੱਦ ਤੇ ਜ਼ਿਲੇ ’ਚ ਹਰ ਤਰ੍ਹਾਂ ਦੇ ਮੁਕਾਬਲੇ ਅਤੇ ਬਾਰੂਦੀ ਸੁਰੰਗਾਂ ਨਾਲ ਨਿਪਟਣ ਲਈ ਤਿਆਰ-ਬਰ-ਤਿਆਰ ਹਨ। 
ਜਾਣਕਾਰੀ ਅਨੁਸਾਰ ਨਵੇਂ ਯੁੱਗ ਤਹਿਤ ਅਸ਼ੋਕ ਲੇਲੈਂਡ ਕੰਪਨੀ ਵਲੋਂ ਤਿਆਰ ਕੀਤਾ ਗਿਆ ਬੁਲੇਟ ਪਰੂਫ ਟਰੱਕ ਜਿਸ ’ਤੇ ਜਲਦੀ ਨਾਲ ਕੋਈ ਗੋਲੀ, ਬੰਬ ਆਦਿ ਨੁਕਸਾਨ ਨਹੀਂ ਪਹੁੰਚਾ ਸਕਦੇ। ਇਸ ਟਰੱਕ ਜਿਸ ਵਿਚ 11 ਮੋਰਚੇ ਬਣਾਏ ਗਏ ਹਨ ਜਿਸ ਦੀ ਮਦਦ ਨਾਲ ਜਵਾਨ ਅੱਤਵਾਦੀ ਦਾ ਮੁਕਾਬਲਾ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸੇ ਤਰ੍ਹਾਂ ਇਸ ਟਰੱਕ ਦੇ ਚਾਰੇ ਟਾਈਅਰ ਬੁਲਿਟ ਪਰੂਫ ਤਕਨੀਕ ਨਾਲ ਬਣਾਏ ਗਏ ਹਨ ਜਿਸ ’ਚ ਗੋਲੀ ਦਾ ਵੀ ਕੋਈ ਅਸਰ ਜਲਦ ਨਹੀ ਹੁੰਦਾ। ਟਰੱਕ ਦੇ ਟੈਂਕ ਜਿਸ ਦੀ ਕਪੈਸਟੀ ਕਰੀਬ 160 ਲੀਟਰ ਹੈ, ਨੂੰ ਵੀ ਬੁਲੇਟ ਪਰੂਫ ਬਣਾਇਆ ਗਿਆ ਹੈ। ਇਸ ਦੀ ਅੈਵਰੇਜ਼ ਕਰੀਬ 3 ਕਿਲੋਮੀਟਰ ਪ੍ਰਤੀ ਲੀਟਰ ਦੱਸੀ ਜਾਂਦੀ ਹੈ। ਆਲੇ-ਦੁਆਲੇ ਲੱਗੀਆਂ ਨਵੀਂਅਾਂ ਤਕਨੀਕਾਂ ਦੀਆਂ ਸਰਚ ਲਾਈਟਾਂ ਰਾਤ ਵੇਲੇ ਵੀ ਦਿਨ ਚਡ਼੍ਹਾ ਦਿੰਦੀਆਂ ਹਨ, ਜਿਸ ਦੀ ਨਜ਼ਰ ਤੋਂ ਦੁਸ਼ਮਣ ਕਿਤੇ ਵੀ ਲੁੱਕ ਨਹੀਂ ਸਕਦਾ। ਇਹ ਟਰੱਕ ਜੇ ਬਾਰੂਦ ਦੀ ਸੁਰੰਗ   ਤੋਂ ਵੀ ਲੰਘ ਜਾਵੇ ਤਾਂ ਇਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਇਸ ਟਰੱਕ ਦੀ ਲਾਗਤ ਕਰੀਬ 85 ਲੱਖ ਰੁਪਏ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਇਕ ਸਕਾਰਪੀਓ ਗੱਡੀ ਵੀ ਪੁਲਸ ਜ਼ਿਲਾ ਤਰਨਤਾਰਨ ਨੂੰ ਦਿੱਤੀ ਗਈ ਹੈ ਜਿਸ ’ਚ ਵੀ ਕਈ ਖੂਬੀਆਂ ਦੱਸੀਆਂ ਜਾ ਰਹੀਅਾਂ ਹਨ। ਇਸ ਤੋਂ ਇਲਾਵਾ 3 ਬੁਲਿਟ ਪਰੂਫ ਟਰੈਕਟਰ, ਜੋ ਸਰਹੱਦੀ ਖੇਤਰਾਂ ਜਿਵੇ ਕਿ ਖੇਮਕਰਨ, ਸਰਾਏ ਅਮਾਨਤ ਖਾਂ ਅਤੇ ਖਾਲਡ਼ਾ ਅਧੀਨ ਗਸ਼ਤ ਕਰਦੇ ਨਜ਼ਰ ਆਉਂਦੇ ਹਨ।


Related News