ਨੌਜਵਾਨ ਦਾ ਕਤਲ ਕਰ ਕੇ ਲਾਸ਼ ਨਹਿਰ ''ਚ ਸੁੱਟੀ

05/24/2019 10:54:22 PM

ਤਰਨਤਾਰਨ, (ਰਾਜੂ)— ਸਥਾਨਕ ਸ਼ਹਿਰ ਦੀ ਵਾਰਡ ਨੰ. 12 ਨਿਵਾਸੀ ਦੁੱਧ ਲੈਣ ਗਏ 35 ਸਾਲਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਰਮਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਵਾਰਡ ਨੰ.12 ਜੋਧਪੁਰ ਰੋਡ, ਤਰਨਤਾਰਨ ਨੇ ਦੱਸਿਆ ਕਿ ਬੀਤੀ 21 ਮਈ ਦੀ ਦੇਰ ਸ਼ਾਮ 7 ਵਜੇ ਉਸ ਦਾ ਵੱਡਾ ਭਰਾ ਅਮਰਜੀਤ ਸਿੰਘ (35) ਦੁੱਧ ਲੈਣ ਲਈ ਘਰੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਿਆ ਸੀ ਜੋ ਕਿ ਦੇਰ ਰਾਤ ਤੱਕ ਘਰ ਵਾਪਸ ਨਹੀਂ ਹੋਇਆ ਅਤੇ ਜਦ ਸੰਪਰਕ ਕੀਤਾ ਤਾਂ ਅਮਰਜੀਤ ਸਿੰਘ ਦਾ ਮੋਬਾਇਲ ਵੀ ਬੰਦ ਮਿਲਿਆ ਜਿਸ 'ਤੇ ਉਨ੍ਹਾਂ ਨੇ ਥਾਣਾ ਸਿਟੀ ਤਰਨਤਾਰਨ 'ਚ ਇਤਲਾਹ ਦੇ ਦਿੱਤੀ। ਉਹ ਆਪਣੇ ਭਰਾ ਦੀ ਭਾਲ ਕਰ ਰਹੇ ਸਨ ਤਾਂ ਅਗਲੇ ਦਿਨ 22 ਮਈ ਨੂੰ ਸਵੇਰੇ 8.30 ਵਜੇ ਅਲਾਦੀਨਪੁਰ ਨਹਿਰ (ਸੂਏ) 'ਚੋਂ ਉਸ ਦੇ ਭਰਾ ਅਮਰਜੀਤ ਸਿੰਘ ਦੀ ਲਾਸ਼ ਮਿਲੀ ਜਦਕਿ ਮੋਟਰਸਾਈਕਲ ਜੀ.ਟੀ. ਰੋਡ ਤੋਂ ਮਿਲਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਹੈ।
ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਸ ਜਲਦੀ ਹੀ ਕਾਤਲਾਂ ਤੱਕ ਪਹੁੰਚ ਜਾਵੇਗੀ।

KamalJeet Singh

This news is Content Editor KamalJeet Singh