ਜੰਕ ਫੂਡ ਖਾਣ ਵਾਲੇ ਅੰਬਰਸਰੀਏ ਹੋ ਜਾਣ ਸੁਚੇਤ ! ਰੈਸਟੋਰੈਂਟਾਂ ’ਚ ਗੰਦਗੀ ’ਚ ਬਣਦੇ ਨੇ ਖਾਧ ਪਦਾਰਥ

04/07/2021 12:17:46 PM

ਅੰਮ੍ਰਿਤਸਰ (ਦਲਜੀਤ)-ਜੰਕ ਫੂਡ ਖਾਣ ਵਾਲੇ ਅੰਬਰਸਰੀਏ ਸੁਚੇਤ ਹੋ ਜਾਣ ! ਸ਼ਹਿਰ ਦੇ ਪ੍ਰਸਿੱਧ ਅਤੇ ਰਈਸ ਇਲਾਕਿਆਂ ’ਚ ਮੌਜੂਦ ਜ਼ਿਆਦਾਤਰ ਹੋਟਲ ਅਤੇ ਰੈਸਟੋਰੈਂਟ ਵਾਲੇ ਗੰਦਗੀ ’ਚ ਜੰਕ ਫੂਡ ਤਿਆਰ ਕਰ ਰਹੇ ਹਨ। ਕੋਵਿਡ-19 ਦੇ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਬਿਨਾਂ ਮਾਸਕ ਅਤੇ ਗਲਵਜ਼ ਦੇ ਖਾਧ ਪਦਾਰਥ ਬਣਾ ਰਹੇ ਹਨ। ਇਹ ਖੁਲਾਸਾ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਕੁਮਾਰ ਦੀ ਅਗਵਾਈ ’ਚ ਅੰਮ੍ਰਿਤਸਰ ਵਿੱਚ ਆਈ ਵਿਸ਼ੇਸ਼ ਚੈਕਿੰਗ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ’ਚ ਹੋਇਆ ਹੈ। ਜਾਣਕਾਰੀ ਅਨੁਸਾਰ ਫੂਡ ਸੇਫਟੀ ਵਿਭਾਗ ਨੇ ਮੰਗਲਵਾਰ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਦੁਕਾਨਾਂ ਅਤੇ ਰੈਸਟੋਰੈਟਾਂ ’ਚ ਛਾਪੇਮਾਰੀ ਕਰ ਕੇ ਖਾਧ ਪਦਾਰਥਾਂ ਦੇ ਸੈਂਪਲ ਭਰੇ। ਅਸਿਸਟੈਂਟ ਫੂਡ ਕਮਿਸ਼ਨਰ ਰਜਿੰਦਰ ਸਿੰਘ ਦੀ ਅਗਵਾਈ ’ਚ ਵਿਭਾਗ ਦੀਆਂ ਟੀਮਾਂ ਰਣਜੀਤ ਐਵੇਨਿਊ, ਸੁਲਤਾਨਵਿੰਡ ਰੋਡ, ਸ਼ਹੀਦਾਂ ਸਾਹਿਬ ਰੋਡ ’ਚ ਪਹੁੰਚੀਆਂ।

ਰਣਜੀਤ ਐਵੇਨਿਊ ਸਥਿਤ ਇਕ ਰੈਸਟੋਰੈਂਟ ਦੇ ਰਸੋਈ ਘਰ ’ਚ ਗੰਦਗੀ ਪਾਈ ਗਈ। ਰਸੋਈ ਘਰ ਦੇ ਸਿੰਕ ’ਚ ਗੰਦਾ ਪਾਣੀ ਭਰਿਆ ਸੀ, ਉਥੇ ਹੀ ਸੰਚਾਲਕ ਨੇ ਰੈਸਟੋਰੈਂਟ ’ਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਵੱਲੋਂ ਜਾਰੀ ਲਾਇਸੈਂਸ ਵੀ ਨਹੀਂ ਲਾਇਆ ਸੀ। ਅਸਿਸਟੈਂਟ ਫੂਡ ਕਮਿਸ਼ਨਰ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਮੋਬਾਇਲ ’ਤੇ ਲਾਇਸੈਂਸ ਵਿਖਾਇਆ। ਉਸ ਨੂੰ ਕਿਹਾ ਗਿਆ ਕਿ ਇਹ ਲਾਇਸੈਂਸ ਨਿਯਮਾਂ ਮੁਤਾਬਕ ਰੈਸਟੋਰੈਂਟ ’ਚ ਹੋਣਾ ਚਾਹੀਦਾ ਹੈ, ਉੱਥੇ ਹੀ ਉਨ੍ਹਾਂ ਨੇ ਹਦਾਇਤ ਕੀਤੀ ਕਿ ਰਸੋਈ ਘਰ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਟੀਮਾਂ ਨੇ ਵੱਖ-ਵੱਖ ਦੁਕਾਨਾਂ ਤੋਂ 13 ਸੈਂਪਲ ਲਏ। ਇਨ੍ਹਾਂ ’ਚ ਦੁੱਧ ਅਤੇ ਦੁੱਧ ਤੋਂ ਤਿਆਰ ਪਦਾਰਥ, ਮਠਿਆਈਆਂ, ਪਨੀਰ, ਮਿਲਕ ਕੇਕ, ਖੋਆ ਬਰਫੀ , ਮੂੰਗ ਦਾਲ , ਬਰਫੀ, ਤੀਹ ਕਿਲੋ ਦੇਸੀ ਘਿਓ ਸੀਲ ਕੀਤਾ ਹੈ ।

50 ਕਿਲੋ ਘਿਓ ਜ਼ਬਤ
ਸ਼ਹੀਦਾਂ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਦੋ ਦੁਕਾਨਾਂ ’ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਦੋਵਾਂ ਹੀ ਦੁਕਾਨਾਂ ’ਚ ਘਟੀਆ ਕੁਆਲਿਟੀ ਦਾ ਦੇਸੀ ਘਿਓ ਪਾਇਆ ਗਿਆ। ਦੋ ਵੱਖ-ਵੱਖ ਬ੍ਰਾਂਡਾਂ ਦਾ ਕੁਲ 50 ਕਿਲੋ ਘਿਓ ਸਿਹਤ ਵਿਭਾਗ ਨੇ ਸੀਜ਼ ਕਰ ਦਿੱਤਾ, ਨਾਲ ਹੀ ਇਸ ਦੇ ਸੈਂਪਲ ਲੈ ਕੇ ਜਾਂਚ ਲਈ ਲੈਬੋਰੇਟਰੀ ਭੇਜੇ ਗਏ ਹਨ। ਰਜਿੰਦਰ ਕੁਮਾਰ ਨੇ ਕਿਹਾ ਕਿ ਮਿਲਾਵਟਖੋਰੀ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੋ ਲੋਕ ਨਿਯਮਾਂ ਨੂੰ ਦਰਕਿਨਾਰ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਆਪਣੀ ਕਾਰਜ਼ਸ਼ੈਲੀ ਕਾਰਨ ‘ਸਿੰਘਮ’ ਵਜੋਂ ਜਾਣੇ ਜਾਂਦੇ ਹਨ ਰਜਿੰਦਰ ਕੁਮਾਰ
ਮਿਲਾਵਟਖੋਰਾਂ ਖਿਲਾਫ ਵਿਸ਼ੇਸ਼ ਕਾਰਵਾਈ ਕਰਨ ਵਾਲੇ ਅਤੇ ਆਪਣੀ ਕਾਰਜ਼ਸ਼ੈਲੀ ਲਈ ‘ਸਿੰਘਮ’ ਵਜੋਂ ਮੰਨੇ ਜਾਣ ਵਾਲੇ ਰਜਿੰਦਰ ਕੁਮਾਰ ਇਕ ਵਧੀਆ ਅਧਿਕਾਰੀ ਹਨ। ਉਨ੍ਹਾਂ ਵੱਲੋਂ ਹਮੇਸ਼ਾ ਹੀ ਮਿਲਾਵਟਖੋਰੀ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਕੰਮ ਕੀਤਾ ਗਿਆ ਹੈ। ਜਿਥੇ ਵੀ ਉਹ ਜਾਂਦੇ ਹਨ, ਉੱਥੇ ਮਿਲਾਵਟਖੋਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਭੱਜ ਜਾਂਦੇ ਹਨ। ਅੰਮ੍ਰਿਤਸਰ ’ਚ ਪਿਛਲੇ 2 ਦਿਨਾਂ ਤੋਂ ਸਿੰਘਮ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਦੁਕਾਨਦਾਰਾਂ ਵੱਲੋਂ 2 ਦਿਨ ਤੋਂ ਆਪਣੀਆਂ ਦੁਕਾਨਾਂ ਹੀ ਨਹੀਂ ਖੋਲ੍ਹੀਆਂ ਗਈਆਂ।


Anuradha

Content Editor

Related News