ਬਟਾਲਾ : ਕਣਕ ਦੇ ਖਰੀਦ ਪ੍ਰਬੰਧਾਂ ’ਚ ‘ਖੁਸ਼ਹਾਲੀ ਦੇ ਰਾਖੇ’ ਨਿਭਾ ਰਹੇ ਅਹਿਮ ਭੂਮਿਕਾ

04/23/2021 4:24:13 PM

ਬਟਾਲਾ (ਬਿਊਰੋ )-ਪੰਜਾਬ ਦੀਆਂ ਸਾਰੀਆਂ ਮੰਡੀਆਂ ’ਚ ਕਣਕ ਦੀ ਖਰੀਦ ਦਾ ਕੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਇਕ ਪਾਸੇ ਜਿੱਥੇ ਖਰੀਦ ਏਜੰਸੀਆਂ, ਸਰਕਾਰੀਤੰਤਰ, ਆੜਤੀਏ ਅਤੇ ਹੋਰ ਧਿਰਾਂ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ, ਉਥੇ ਹੀ ਪੰਜਾਬ ਸਰਕਾਰ ਦੇ ਕੰਨ ਅਤੇ ਅੱਖਾਂ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਖੁਸ਼ਹਾਲੀ ਦੇ ਰਾਖੇ (ਜੀ. ਓ. ਜੀ.) ਵੀ ਕਣਕ ਦੀ ਖਰੀਦ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ । ਆਪਣੀ ਜਿਣਸ ਮੰਡੀਆਂ ’ਚ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸਹਾਇਤਾ ਲਈ ਖੁਸ਼ਹਾਲੀ ਦੇ ਰਾਖੇ ਜ਼ਿਲ੍ਹੇ ਦੀਆਂ ਮੰਡੀਆਂ ’ਚ ਡਟੇ ਹੋਏ ਹਨ। ਜੀ. ਓ. ਜੀ. ਦੇ ਤਹਿਸੀਲ ਬਟਾਲਾ ਦੇ ਮੁਖੀ ਕਰਨਲ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਮੰਡੀਆਂ ’ਚ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਸਰਕਾਰ ਨੂੰ ਫੀਡਬੈਕ ਭੇਜਣ ਲਈ ਜ਼ਿਲ੍ਹੇ ਦੀਆਂ ਮੰਡੀਆਂ ’ਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਮੰਡੀਆਂ ’ਚ ਜਾ ਰਹੇ ਹਨ।

ਇਹ ਖੁਸ਼ਹਾਲੀ ਦੇ ਰਾਖੇ ਜਿੱਥੇ ਕੋਵਿਡ ਤੋਂ ਬਚਾਅ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਵਾਉਂਦੇ ਹਨ, ਉਥੇ ਹੀ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਲਈ ਵੀ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜੀ. ਓ. ਜੀ. ਵੱਲੋਂ ਜਿੱਥੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਮੰਡੀਆਂ ’ਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬਾਥਰੂਮ ਤੇ ਕੋਵਿਡ ਤੋਂ ਬਚਾਅ ਲਈ ਸੈਨੇਟਾਈਜ਼ਰ ਤੇ ਮਾਸਕਾਂ ਦੇ ਪ੍ਰਬੰਧ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ’ਚ  ਜੀ. ਓ. ਜੀਜ਼ ਅਤੇ ਸਬ-ਡਵੀਜ਼ਨ ’ਚ ਸੁਪਰਵਾਈਜ਼ਰ ਨਿਗਰਾਨੀ ਦਾ ਕੰਮ ਕਰ ਰਹੇ ਹਨ । 

ਕਰਨਲ ਸ਼ਾਹੀ ਨੇ ਦੱਸਿਆ ਕਿ ਅੱਜ ਦਾਣਾ ਮੰਡੀ ਕਾਦੀਆਂ ’ਚ ਜੀ. ਓ. ਜੀ. ਟੀਮ ਵੱਲੋਂ ਦੌਰਾ ਕੀਤਾ ਗਿਆ ਅਤੇ ਜਾਂਚ ਦੌਰਾਨ ਦੇਖਿਆ ਗਿਆ ਕਿ ਬੋਪਾਰਾਏ ਕਮਿਸ਼ਨ ਏਜੰਟ ਦੀ ਮੰਡੀ ’ਚ ਕਣਕ ਦੀ ਫਸਲ ਦਾ ਤੋਲ ਵੱਧ ਕੀਤਾ ਜਾ ਰਿਹਾ ਸੀ। ਇਸ ’ਤੇ ਜੀ. ਓ. ਜੀ. ਦੇ ਨੁਮਾਇੰਦਿਆਂ ਨੇ ਤੁਰੰਤ ਮਾਰਕੀਟ ਕਮੇਟੀ ਦੇ ਅਧਿਕਾਰੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ, ਜਿਸ ਤੋਂ ਬਾਅਦ ਆੜ੍ਹਤੀਏ ਨੂੰ ਜੁਰਮਾਨਾ ਕੀਤਾ ਗਿਆ ਅਤੇ ਕਿਸਾਨ ਤਰਸੇਮ ਸਿੰਘ ਡੱਲਾ ਨੂੰ ਉਸ ਦਾ ਹੱਕ ਦਿਵਾਇਆ ਗਿਆ।

Manoj

This news is Content Editor Manoj