ਬਟਾਲਾ ਦਾ ਬੱਸ ਅੱਡਾ ਸ਼ਿਫਟ ਨਹੀਂ ਹੋਣ ਦਿਆਂਗੇ : ਅਸ਼ਵਨੀ ਸੇਖੜੀ

10/17/2018 12:08:17 PM

ਬਟਾਲਾ (ਬੇਰੀ) : ਅੱਜ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਮੰਤਰੀ  ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਬਟਾਲਾ ਬੱਸ ਸਟੈਂਡ ਸ਼ਿਫਟ ਹੋਣ ਦੇ ਕੀਤੇ ਐਲਾਨ ਤੋਂ ਬਾਅਦ ਕਿਹਾ ਕਿ ਉਹ ਮਰਦੇ ਦਮ ਤੱਕ ਬਟਾਲਾ ਬੱਸ ਸਟੈਂਡ ਨੂੰ ਸ਼ਿਫਟ ਨਹੀਂ ਹੋਣ ਦੇਣਗੇ ਕਿਉਂਕਿ ਬਟਾਲਾ ਬੱਸ ਸਟੈਂਡ ਨੇੜੇ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਹੈ, ਉਨ੍ਹਾਂ ਦੀਆਂ ਦੁਕਾਨਾਂ ਹਨ ਅਤੇ ਜੇਕਰ ਬਟਾਲਾ ਦਾ ਬੱਸ ਅੱਡਾ ਸ਼ਿਫਟ ਹੋ ਗਿਆ ਤਾਂ ਇਨ੍ਹਾਂ ਦੁਕਾਨਦਾਰਾਂ ਨੂੰ ਭਾਰੀ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਪਹਿਲਾਂ ਹੀ ਸ਼ਹਿਰ ਵਿਚ ਕਾਰੋਬਾਰ ਦੀ ਹਾਲਤ ਚਿੰਤਾਜਨਕ ਹੈ। 

ਸੇਖੜੀ ਨੇ ਕਿਹਾ ਕਿ ਬਟਾਲਾ ਦਾ ਬੱਸ ਸਟੈਂਡ ਸ਼ਿਫਟ ਕਰਨਾ ਇਸ ਸ਼ਹਿਰ ਨੂੰ ਉਜਾੜਨ ਦੀ ਇਕ ਸਾਜ਼ਿਸ਼ ਹੈ, ਜਿਸ ਨੂੰ ਉਹ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।  ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਉਹ ਇਸ ਸਬੰਧੀ ਸਾਰੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਜਾਣਗੇ ਅਤੇ ਉਨ੍ਹਾਂ ਅੱਗੇ ਬੱਸ ਸਟੈਂਡ ਨੂੰ ਸ਼ਿਫਟ ਨਾ ਕੀਤੇ ਜਾਣ ਸਬੰਧੀ ਅਪੀਲ ਕਰਨਗੇ। ਸੇਖੜੀ ਨੇ ਕਿਹਾ ਕਿ ਉਹ ਸ਼ਹਿਰਵਾਸੀਆਂ  ਦੇ ਨਾਲ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦੇਣਗੇ।