ਰੇਲ ਗੱਡੀਆਂ ਸ਼ੁਰੂ ਹੋਣ ਨਾਲ ਬਟਾਲਾ ਦੇ ਸਨਅਤਕਾਰਾਂ ਨੂੰ ਮਿਲੀ ਰਾਹਤ

11/28/2020 2:49:06 PM

ਬਟਾਲਾ (ਬੇਰੀ): ਯਾਤਰੀ ਅਤੇ ਮਾਲ ਗੱਡੀਆਂ ਚੱਲਣ ਨਾਲ ਬਟਾਲਾ ਦੀ ਲੋਹਾ ਸਨਅਤ ਨੂੰ ਵੱਡੀ ਰਾਹਤ ਮਿਲੀ ਹੈ। ਰੇਲ ਗੱਡੀਆਂ ਸ਼ੁਰੂ ਕਰਨ ਦੇ ਐਲਾਨ ਦੇ ਨਾਲ ਹੀ ਬਟਾਲਾ 'ਚ ਪਿਗ ਆਇਰਨ ਦੇ ਰੇਟ 'ਚ 700 ਰੁਪਏ ਪ੍ਰਤੀ ਟਨ ਦੀ ਕਮੀ ਆ ਗਈ ਹੈ ਜਦਕਿ ਅਗਲੇ ਕੁਝ ਦਿਨਾਂ 'ਚ ਜਦੋਂ ਮਾਲ ਗੱਡੀਆਂ ਰਾਹੀਂ ਪਿਗ ਆਇਰਨ ਦੇ ਰੈਕ ਬਟਾਲਾ ਵਿਖੇ ਪਹੁੰਚ ਜਾਣਗੇ ਤਾਂ ਰੇਟਾਂ 'ਚ ਹੋਰ ਵੀ ਕਮੀਂ ਦੇਖਣ ਨੂੰ ਮਿਲੇਗੀ। ਬਟਾਲਾ ਦੇ ਸਮੂਹ ਸਨਅਤਕਾਰਾਂ ਨੇ ਮਾਲ ਅਤੇ ਯਾਤਰੂ ਰੇਲ ਗੱਡੀਆਂ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਬਟਾਲਾ ਉਦਯੋਗ ਲਈ ਬਹੁਤ ਫ਼ਾਇਦੇਮੰਦ ਦੱਸਿਆ ਹੈ।

ਇਹ ਵੀ ਪੜ੍ਹੋ : ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਧਰਨੇ 'ਤੇ ਗਏ ਕਿਸਾਨ ਪਿਤਾ ਨੂੰ ਮਿਲੀ ਪੁੱਤ ਦੇ ਸ਼ਹੀਦ ਹੋਣ ਦੀ ਖ਼ਬਰ

ਸਨਅਤੀ ਸ਼ਹਿਰ ਬਟਾਲਾ 'ਚ ਦੋ ਤਰ੍ਹਾਂ ਦੇ ਉਦਯੋਗ ਹਨ ਜਿਨ੍ਹਾਂ 'ਚ ਢਲਾਈ ਦਾ ਕੰਮ ਕਰਨ ਵਾਲੇ 300 ਦੇ ਕਰੀਬ ਫਾਉਂਡਰੀ ਯੂਨਿਟ ਅਤੇ 300 ਦੇ ਕਰੀਬ ਹੀ ਇੰਜੀਨੀਅਰਿੰਗ ਯੂਨਿਟ ਹਨ। ਪਹਿਲਾਂ ਕੋਰੋਨਾ ਅਤੇ ਫ਼ਿਰ ਕਿਸਾਨ ਸੰਘਰਸ਼ ਦੇ ਚੱਲਦਿਆਂ ਬੰਦ ਹੋਈਆਂ ਰੇਲਾਂ ਕਾਰਨ ਬਟਾਲਾ ਦੀ ਲੋਹਾ ਸਨਅਤ ਵੀ ਪਟੜੀ ਤੋਂ ਲੱਥ ਗਈ ਸੀ, ਜਿਸ ਕਾਰਨ ਬਟਾਲਾ ਸਨਅਤ ਨੂੰ ਕਰੀਬ 300 ਕਰੋੜ ਦਾ ਮਾਲੀ ਨੁਕਸਾਨ ਝੱਲਣਾ ਪਿਆ ਹੈ। ਪਰ ਜਿਉਂ ਹੀ ਪਟੜੀਆਂ 'ਤੇ ਰੇਲ ਦਾ ਚੱਕਾ ਘੁੰਮਿਆ ਹੈ ਤਾਂ ਬਟਾਲਾ ਸਨਅਤ ਨੇ ਵੀ ਗੇੜਾ ਖਾਦਾ ਹੈ। ਸਰਹੱਦੀ ਸ਼ਹਿਰ ਦੇ ਸਨਅਤਕਾਰਾਂ ਨੂੰ ਬਹੁਤ ਜਲਦੀ ਕੋਲਾ, ਦੇਗ, ਸਕਰੇਪ ਸਮੇਤ ਹਰ ਤਰ੍ਹਾਂ ਦਾ ਕੱਚੇ ਮਾਲ ਦੀ ਸਪਲਾਈ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਉਨ੍ਹਾਂ ਵਲੋਂ ਤਿਆਰ ਕੀਤੀ ਮਸ਼ੀਨਰੀ ਵੀ ਰੇਲ ਰਾਹੀਂ ਦੇਸ਼ ਦੇ ਦੂਜੇ ਭਾਗਾਂ 'ਚ ਪਹੁੰਚ ਸਕੇਗੀ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਵਲੋਂ ਚਲਾਏ ਜਾ ਰਹੇ ਗੰਦੇ ਧੰਦੇ ਦਾ ਪਰਦਾਫ਼ਾਸ਼, ਗੁਰਦਾਸਪੁਰ ਦੀ ਜਨਾਨੀ ਕਰਦੀ ਸੀ ਕੁੜੀਆਂ ਸਪਲਾਈ

ਬਟਾਲਾ ਦੇ ਸਨਅਤਕਾਰ ਵੀ.ਐੱਮ. ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਅਤੇ ਕਿਸਾਨ ਅੰਦੋਲਨ ਕਾਰਨ ਬੰਦ ਹੋਈਆਂ ਰੇਲ ਗੱਡੀਆਂ ਕਾਰਨ ਬਟਾਲਾ ਉਦਯੋਗ ਨੂੰ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੱਚੇ ਮਾਲ ਅਤੇ ਕੋਲੇ ਦੀ ਸਪਲਾਈ ਰੁਕਣ ਨਾਲ ਬਹੁਤ ਸਾਰੀਆਂ ਸਨਅਤਾਂ ਨੂੰ ਤਾਲੇ ਲੱਗ ਗਏ ਅਤੇ ਉਦਯੋਗਕ ਕਾਮੇ ਬੇਰੁਜ਼ਗਾਰ ਹੋ ਗਏ ਹਨ। ਵੀ.ਐੱਮ. ਗੋਇਲ ਨੇ ਦੱਸਿਆ ਕਿ ਬਟਾਲਾ ਸਨਅਤ ਨੂੰ ਸਪਲਾਈ ਹੁੰਦੀ ਦੇਗ (ਪਿਗ ਆਇਰਨ) ਦੇ ਕੁਝ ਰੈਕ ਪੱਛਮੀ ਬੰਗਾਲ ਦੇ ਪਲਾਂਟਾਂ ਤੋਂ ਚੱਲ ਪਏ ਹਨ ਅਤੇ ਆਉਂਦੇ ਕੁਝ ਦਿਨਾਂ ਵਿੱਚ ਜਦੋਂ ਇਹ ਰੈਕ ਬਟਾਲਾ ਵਿਖੇ ਪਹੁੰਚਣਗੇ ਤਾਂ ਪਿਗ ਆਇਰਨ ਦੇ ਰੇਟ 'ਚ ਕਮੀਂ ਆਵੇਗੀ। ਉਨ੍ਹਾਂ ਕਿਹਾ ਕਿ ਗੱਡੀਆਂ ਚੱਲਣ ਦੇ ਐਲਾਨ ਨਾਲ ਹੀ ਇਹ ਰੇਟ 700 ਰੁਪਏ ਪ੍ਰਤੀ ਟਨ ਘੱਟ ਹੋ ਗਿਆ ਹੈ। ਬਟਾਲਾ ਦੀ ਰਜਿੰਦਰਾ ਫਾਊਂਡਰੀ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਪਹਿਲਾਂ ਹੀ ਸਰਹੱਦ ਨੇੜੇ ਹੋਣ ਕਾਰਨ ਇਥੇ ਕੱਚੇ ਮਾਲ ਦੀ ਸਪਲਾਈ ਅਤੇ ਤਿਆਰ ਮਸ਼ੀਨਰੀ ਨੂੰ ਭੇਜਣ 'ਚ ਸਭ ਤੋਂ ਵੱਧ ਭਾੜਾ ਪੈਂਦਾ ਹੈ। ਉਪਰੋਂ ਰੇਲਾਂ ਬੰਦ ਹੋਣ ਕਾਰਨ ਕੋਲੇ ਤੇ ਕੱਚੇ ਮਾਲ ਦੀ ਸਪਲਾਈ ਰੁਕ ਗਈ ਜਿਸ ਕਾਰਨ ਢਲਾਈ ਦਾ ਅਤੇ ਮਸ਼ੀਨਰੀ ਬਣਾਉਣ ਦਾ ਸਾਰਾ ਕੰਮ ਰੁਕ ਗਿਆ।

ਇਹ ਵੀ ਪੜ੍ਹੋ : ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਲਾਸ਼ ਖੇਤਾਂ 'ਚੋਂ ਬਰਾਮਦ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਮਾਲ ਉਨਾਂ ਦਾ ਪਹਿਲਾਂ ਦਾ ਤਿਆਰ ਸੀ ਉਹ ਵੀ ਮਾਲ ਗੱਡੀਆਂ ਬੰਦ ਹੋਣ ਕਾਰਨ ਗ੍ਰਾਹਕਾਂ ਤੱਕ ਨਾ ਪਹੁੰਚ ਸਕਿਆ ਜਿਸ ਦਾ ਉਨਾਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਹੁਣ ਰੇਲਾਂ ਚੱਲਣ ਨਾਲ ਸਨਅਤਾਂ ਮੁੜ ਸ਼ੁਰੂ ਹੋਣਗੀਆਂ ਸਨਅਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਵੀ ਰੁਜ਼ਗਾਰ ਮਿਲ ਸਕੇਗਾ। ਓਧਰ ਬਟਾਲਾ ਦੇ ਹੋਰ ਸਨਅਤਕਾਰਾਂ ਪਰਮਜੀਤ ਸਿੰਘ ਗਿੱਲ, ਰਾਕੇਸ਼ ਗੋਇਲ, ਪਵਨ ਕੁਮਾਰ, ਰਮੇਸ਼ ਵਰਮਾ, ਸਤਨਾਮ ਸਿੰਘ ਨੇ ਵੀ ਮਾਲ ਤੇ ਯਾਤਰੀ ਰੇਲ ਗੱਡੀਆਂ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਬਟਾਲਾ ਸਨਅਤ ਲਈ ਫਾਇਦੇਮੰਦ ਦੱਸਿਆ ਹੈ।
 


Baljeet Kaur

Content Editor

Related News