ਸਰਸ ਮੇਲੇ ''ਚ ਚੋਣ ਦਫ਼ਤਰ ਵੱਲੋਂ ਸਥਾਪਤ ਕੀਤਾ ਗਿਆ ਮਾਡਲ ਪੋਲਿੰਗ ਬੂਥ

03/26/2019 5:08:52 PM

ਬਟਾਲਾ(ਬੇਰੀ, ਅਸ਼ਵਨੀ) : ਖੇਤਰੀ ਸਰਸ ਮੇਲਾ ਦੇਖਣ ਪਹੁੰਚ ਰਹੇ ਲੋਕਾਂ ਨੂੰ ਚੋਣ ਪ੍ਰਕਿਰਿਆ ਤੋਂ ਵੀ ਜਾਣੂ ਕਰਾਇਆ ਜਾ ਰਿਹਾ ਹੈ। ਜ਼ਿਲਾ ਚੋਣ ਅਧਿਕਾਰੀ ਗੁਰਦਾਸਪੁਰ ਸ਼੍ਰੀ ਵਿਪੁਲ ਉਜਵਲ ਦੇ ਨਿਰਦੇਸ਼ਾਂ ਤਹਿਤ ਸਰਸ ਮੇਲੇ ਵਿਚ ਸਵੀਪ ਮੁਹਿੰਮ ਤਹਿਤ ਇਕ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ ਜਿਥੇ ਲੋਕਾਂ ਨੂੰ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਜਾ ਰਹੀ ਹੈ।

ਸਰਸ ਮੇਲੇ ਦੇ ਐਂਟਰੀ ਗੇਟ ਲਾਗੇ ਬਣੇ ਮਾਡਲ ਪੋਲਿੰਗ ਬੂਥ ਉੱਪਰ ਮਾਸਟਰ ਟਰੇਨਰ ਜਸਬੀਰ ਸਿੰਘ ਅਤੇ ਬੀ.ਡੀ.ਪੀ.ਓ. ਦਫ਼ਤਰ ਬਟਾਲਾ ਦੇ ਕਰਮਚਾਰੀਆਂ ਵੱਲੋਂ ਪੋਲਿੰਗ ਬੂਥ ਸਥਾਪਤ ਕਰ ਕੇ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਬਾਰੇ ਹਰ ਆਉਣ-ਜਾਣ ਵਾਲੇ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਲੋਕ ਖੁਦ ਨਜ਼ਦੀਕ ਜਾ ਕੇ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ ਅਤੇ ਇਨ੍ਹਾਂ ਮਸ਼ੀਨਾਂ ਰਾਹੀਂ ਵੋਟ ਪਾ ਕੇ ਵੀ ਦੇਖ ਰਹੇ ਹਨ। ਬਟਾਲਾ ਦਾ 70 ਸਾਲਾ ਵਿਅਕਤੀ ਬੂਟਾ ਸਿੰਘ ਜੋ ਕਿ ਸਰਸ ਮੇਲਾ ਦੇਖਣ ਆਇਆ ਸੀ ਉਸ ਨੂੰ ਵੋਟਰ ਜਾਗਰੂਕਤਾ ਮੁਹਿੰਮ ਦਾ ਇਹ ਉਪਰਾਲਾ ਵੀ ਪਸੰਦ ਆਇਆ ਹੈ।

ਬੂਟਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਬਾਰੇ ਜਾਣਕਾਰੀ ਹਾਸਲ ਕਰ ਕੇ ਉਸ ਨੂੰ ਖੁਸ਼ੀ ਹੋਈ ਹੈ ਅਤੇ ਉਸ ਨੇ ਆਪਣੀ ਵੋਟ ਵੀ ਇਨ੍ਹਾਂ ਮਸ਼ੀਨਾਂ ਰਾਹੀਂ ਪਾ ਕੇ ਦੇਖੀ ਹੈ। ਓਧਰ ਇਕ ਹੋਰ ਨੌਜਵਾਨ ਵੋਟਰ ਸਰਬਜੀਤ ਸਿੰਘ ਨੇ ਵੀ ਮਾਡਲ ਪੋਲਿੰਗ ਬੂਥ ਉੱਪਰ ਆਪਣੀ ਵੋਟ ਪਾ ਕੇ ਦੇਖੀ ਅਤੇ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ। ਬੂਥ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਸਰਸ ਮੇਲੇ ਵਿਚ ਆਏ ਲੋਕ ਇਸ ਪੋਲਿੰਗ ਬੂਥ ਵੱਲ ਬਹੁਤ ਆਕਰਸ਼ਿਤ ਹੋਏ ਹਨ ਅਤੇ ਲੋਕ ਆਪਣੀ ਵੋਟ ਪਾ ਕੇ ਦੇਖ ਰਹੇ ਹਨ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਮੁੱਚੀ ਚੋਣ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਹੀ ਇਲੈਕਟ੍ਰੋਨਿਕ ਵੋਟਿੰਗ ਪ੍ਰਣਾਲੀ ਬਾਰੇ ਵੀ ਦੱਸਿਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਸਰਸ ਮੇਲੇ ਵਿਚ ਰੋਜ਼ਾਨਾਂ ਹਜ਼ਾਰਾਂ ਲੋਕ ਸ਼ਿਰਕਤ ਕਰ ਰਹੇ ਹਨ ਅਤੇ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਉਂਦਿਆਂ ਜ਼ਿਲਾ ਚੋਣ ਦਫ਼ਤਰ ਵੱਲੋਂ ਲੋਕਾਂ ਅੰਦਰ ਵੋਟਰ ਜਾਗਰੂਕਤਾ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਡਲ ਪੋਲਿੰਗ ਬੂਥ ਦੀ ਸਥਾਪਤੀ ਸਵੀਪ ਮੁਹਿੰਮ ਤਹਿਤ ਕੀਤੀ ਗਈ ਹੈ ਅਤੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਚੋਣ ਪ੍ਰਕਿਰਿਆ ਨੂੰ ਜਾਣਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਵੀ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 19 ਮਈ ਨੂੰ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ।

cherry

This news is Content Editor cherry