ਮੱਕੀ ਤੇ ਬਾਸਮਤੀ ਨੂੰ ਕੀਤਾ ਜਾਵੇਗਾ ਉਤਸ਼ਾਹਿਤ : ਖੇਤੀਬਾੜੀ ਅਧਿਕਾਰੀ

04/22/2020 7:56:51 PM

ਅੰਮ੍ਰਿਤਸਰ (ਦਲਜੀਤ ਸ਼ਰਮਾ) - ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਵਿਚ ਝੋਨੇ ਹੇਠੋਂ ਰਕਬਾ ਘੱਟ ਕਰਕੇ ਮੱਕੀ ਅਤੇ ਬਾਸਮਤੀ ਹੇਠ ਰਕਬਾ ਵਧਾਉਣ ਦੀ ਯੋਜਨਾ ਉਲੀਕੀ ਹੈ, ਤਾਂ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕੇ। ਉਕਤ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਸ. ਹਰਿੰਦਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਾਈਬ੍ਰਿਡ ਮੱਕੀ, ਸੋਇਆਬੀਨ, ਸਬਜੀਆਂ, ਤੇਲ ਬੀਜ ਅਤੇ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਵਾਰ ਲੇਬਰ ਦਾ ਸੰਕਟ ਰਹਿਣ ਕਾਰਨ ਝੋਨੇ ਦੀ ਸਿੱਧੀ ਬਿਜਾਈ ਲਈ ਵੀ ਕਿਸਾਨਾਂ ਨੂੰ ਪ੍ਰੇਰਿਆ ਜਾਵੇਗਾ, ਜਿਸ ਨਾਲ ਪਾਣੀ ਤੇ ਲਾਗਤ ਦੋਵੇਂ ਬਚਦੇ ਹਨ। ਇਸੇ ਤਰਾਂ ਬਾਸਮਤੀ 1121 ਅਤੇ 1501 ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਤਿਆਰ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜ਼ਿਲ੍ਹੇ ਦੇ 2.16 ਲੱਖ ਹੈਕਟੇਅਰ ਵਾਹੀ ਯੋਗ ਰਕਬੇ ਵਿਚੋਂ 1,44000 ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਹੇਠ ਹੋਵੇ। ਇਸੇ ਤਰਾਂ ਝੋਨੇ ਹੇਠੋਂ ਰਕਬਾ ਘੱਟ ਕਰਕੇ ਹਾਈਬ੍ਰਿਡ ਮੱਕੀ ਅਤੇ ਸਾਈਲਜ ਮੱਕੀ ਹੇਠ 6000 ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਵੀ ਹੈ।

ਉਨਾਂ ਕਿਹਾ ਕਿ ਸਾਡੇ ਅਧਿਕਾਰੀ ਕਿਸਾਨਾਂ ਨਾਲ ਹੁਣ ਤੋਂ ਹੀ ਰਾਬਤਾ ਰੱਖ ਰਹੇ ਹਨ ਤਾਂ ਕਿ ਲੋੜੀਂਦਾ ਬੀਜ ਤੇ ਤਕਨੀਕੀ ਜਾਣਕਾਰੀ ਮੌਕੇ ਉਤੇ ਦੇ ਕੇ ਕਿਸਾਨ ਦੀ ਲਾਗਤ ਘੱਟ ਕੀਤੀ ਜਾ ਸਕੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਕੋਂ ਬਾਅਦ ਹਰੀ ਖਾਦ ਲਈ ਖੇਤਾਂ ਵਿਚ ਢਾਂਚਾ ਜਾਂ ਮੂੰਗੀ ਦੀ ਕਾਸ਼ਤ ਯਕੀਨੀ ਬਣਾਉਣ ਤਾਂ ਕਿ ਖੇਤ ਵਿਚ ਨਾਈਟਰੋਜ਼ਨ ਦਾ ਕੁਦਰਤੀ ਤੌਰ ਉਤੇ ਪੱਧਰ ਵੱਧ ਸਕੇ, ਜਿਸ ਨਾਲ ਰਸਾਇਣਕ ਖਾਦ ਦੀ ਲੋੜ ਵੀ ਘੱਟ ਜਾਵੇਗੀ।


Harinder Kaur

Content Editor

Related News