ਬਾਦਲਾਂ ਵਲੋਂ ਕੀਤੇ ਗੁਨਾਹ ਮੁਆਫ ਕਰਨ ਵਾਲੇ ਨਹੀਂ : ਸੇਖਵਾਂ

12/09/2018 10:12:03 PM

ਬਟਾਲਾ (ਬੇਰੀ)-ਅੱਜ ਸਾਬਕਾ ਮੰਤਰੀ ਪੰਜਾਬ ਜਥੇ. ਸੇਵਾ ਸਿੰਘ ਸੇਖਵਾਂ ਵਲੋਂ ਜਥੇ. ਉਜਾਗਰ ਸਿੰਘ ਸੇਖਵਾਂ ਨਰਸਿੰਗ ਇੰਸਟੀਚਿਊਟਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਅਤੇ ਪੱਤਰਕਾਰਾਂ ਦੇ ਰੂ-ਬ-ਰੂ ਕਰਦਿਆਂ ਜ. ਸੇਖਵਾਂ ਨੇ ਕਿਹਾ ਕਿ ਉਨ੍ਹਾਂ 0ਨੂੰ ਕਿਸੇ ਕੋਲੋਂ ਵੀ ਟਕਸਾਲੀ ਅਕਾਲੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਤੇ ਉਹ ਅਕਾਲੀ ਸਨ, ਅਕਾਲੀ ਹਨ ਅਤੇ ਅਕਾਲੀ ਹੀ ਮਰਨਗੇ । ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਨ੍ਹਾਂ ਵਲੋਂ ਮੁਹਾਂਦਰਾ ਬਦਲਿਆ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਵਲੋਂ 1920 ਦੇ ਸੰਵਿਧਾਨ ਵਾਲਾ ਅਕਾਲੀ ਦਲ ਬਣਾਇਆ ਜਾ ਰਿਹਾ ਹੈ, ਜਦਕਿ ਇਹ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਬਣ ਕੇ ਰਹਿ ਗਿਆ ਹੈ ।
੍ਰਇਸ ਦੌਰਾਨ ਜ. ਸੇਖਵਾਂ ਨੇ ਬਰਗਾੜੀ ਮੋਰਚੇ ਬਾਰੇ ਸਿਰਫ ਇੰਨਾ ਹੀ ਕਿਹਾ ਕਿ ਉਹ ਬਰਗਾੜੀ ਮੋਰਚਾ ਲਗਾਉਣ ਵਾਲਿਆਂ ਦਾ ਤਿੰਨ ਮੰਗਾਂ 'ਤੇ ਪਹਿਲਾਂ ਵੀ ਸਮਰਥਨ ਕਰਦੇ ਸਨ ਅਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਗੇ । ਜ. ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਬਣਾਉਣ ਦੀ ਅੱਜ ਲੋੜ ਇਸ ਲਈ ਪੈ ਗਈ ਹੈ, ਕਿਉਂਕਿ ਜਿਨ੍ਹਾਂ ਲੋਕਾਂ ਕਰ ਕੇ ਇਹ ਹਾਲਾਤ ਬਣੇ ਹਨ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਲਈ ਕਿਹਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ । ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀਆਂ ਭੁੱਲਾਂ ਬਖ਼ਸ਼ਾਉਣ ਲਈ ਕੀਤੀ ਜਾ ਰਹੀ ਸੇਵਾ ਮਨੋਂ ਨਹੀਂ ਕੀਤੀ ਜਾ ਰਹੀ, ਬਲਕਿ ਇਸ ਵਿਚੋਂ ਵੀ ਬਾਦਲ ਲਾਹਾ ਲੈਣਾ ਚਾਹੁੰਦੇ ਹਨ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ 10 ਸਾਲਾ ਸ਼ਾਸਨਕਾਲ 'ਚਿੱਟਾ ਅਤੇ ਨਸ਼ਾ ਵਿਕਦਾ ਰਿਹਾ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਅਤੇ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਨ੍ਹਾਂ ਦੀਆਂ ਮਾਵਾਂ ਨੂੰ ਪੁੱਛਿਆ ਜਾਵੇ ਕਿ ਉਨ੍ਹਾਂ ਦੇ ਹਿਰਦਿਆਂ 'ਤੇ ਕੀ ਬੀਤਦੀ ਪਈ ਹੈ । ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਕੀਤੇ ਗੁਨਾਹ ਮੁਆਫ ਕਰਨ ਵਾਲੇ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਲੋਕਾਂ ਦੀ ਵਜ੍ਹਾ ਨਾਲ ਲਾਂਭੇ ਹੋਣਾ ਪਿਆ ਹੈ ।
ਜ. ਸੇਖਵਾਂ ਨੇ ਅੰਤ 'ਚ ਕਿਹਾ ਕਿ 1920 ਦੇ ਸੰਵਿਧਾਨ ਵਾਲੇ ਅਕਾਲੀ ਦਲ ਦਾ ਗਠਨ ਕਰ ਕੇ ਹਰ ਵਰਗ ਦੀ ਭਲਾਈ ਲਈ ਕਾਰਜ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਰੁਪਿੰਦਰ ਸਿੰਘ ਪੀ. ਏ. ਟੂ. ਸੇਖਵਾਂ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।